
ਕੈਨੇਡਾ ਦੇ ਇਤਿਹਾਸ ਵਿੱਚ ਇੰਨਾ ਭਿਆਨਕ ਅਤਿਵਾਦੀ ਹਮਲਾ ਕਦੇ ਨਹੀਂ ਹੋਇਆ। ਅੱਜ ਉਹ ਵਿਚਾਰਧਾਰਾ ਫਿਰ ਸਿਰ ਚੁੱਕ ਰਹੀ ਹੈ।’’
Canada News: ਟੋਰਾਂਟੋ - ਕੈਨੇਡੀਅਨ ਸੰਸਦ ’ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਕਿ ਕਨਿਸ਼ਕ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੀ ਵਿਚਾਰਧਾਰਾ ਇਕ ਵਾਰ ਫਿਰ ਕੈਨੇਡਾ 'ਚ ਸਿਰ ਚੁੱਕ ਰਹੀ ਹੈ। ਇਸ ਹਮਲੇ ਵਿਚ 329 ਬੇਕਸੂਰ ਲੋਕ ਮਾਰੇ ਗਏ ਸਨ। ਕੈਨੇਡੀਅਨ ਸੰਸਦ ਨੂੰ ਸੰਬੋਧਨ ਕਰਦਿਆਂ ਚੰਦਰ ਆਰੀਆ ਨੇ ਕਿਹਾ, ‘‘ਉਸ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੀ ਵਿਚਾਰਧਾਰਾ ਕੁਝ ਲੋਕਾਂ ਵਿਚ ਅਜੇ ਵੀ ਹੈ।’’ ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ 'ਚ ਗਰਮਖਿਆਲੀ ਤੱਤ ਇਕ ਵਾਰ ਫਿਰ ਸਰਗਰਮ ਹੋ ਰਹੇ ਹਨ।
ਉਨ੍ਹਾਂ ਨੇ ਸੰਸਦ 'ਚ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ 23 ਜੂਨ ਨੂੰ ਹੋਏ ਹਮਲੇ ਦੀ ਵਰ੍ਹੇਗੰਢ 'ਤੇ ਇਕੱਠੇ ਹੋਣ ਅਤੇ ਮਾਰੇ ਗਏ ਬੇਕਸੂਰ ਲੋਕਾਂ ਨੂੰ ਸ਼ਰਧਾਂਜਲੀ ਦੇਣ। ਚੰਦਰ ਆਰੀਆ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ’ਚ ਕੁੱਝ ਗਰਮਖਿਆਲੀਆਂ ਨੇ ਨਿੱਝਰ ਦੇ ਕਤਲ ਦੀ ਬਰਸੀ ਮਨਾਈ। ਇਸ ਤੋਂ ਇਲਾਵਾ ਕੈਨੇਡੀਅਨ ਸੰਸਦ 'ਚ ਉਨ੍ਹਾਂ ਲਈ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਗਰਮਖਿਆਲੀ ਤੱਤਾਂ ਨੇ ਭਾਰਤੀ ਵਣਜ ਦੂਤਘਰ ਦੇ ਬਾਹਰ ਜਨ ਅਦਾਲਤ ਵੀ ਲਗਾਈ ਸੀ ਜਿਸ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿੱਝਰ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਚੰਦਰ ਆਰੀਆ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਪੀਕਰ ਜੀ, 23 ਜੂਨ ਨੂੰ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ। 39 ਸਾਲ ਪਹਿਲਾਂ ਗਰਮਖਿਆਲੀਆਂ ਨੇ ਏਅਰ ਇੰਡੀਆ ਦੀ ਫਲਾਈਟ 182 ਕਨਿਸ਼ਕ 'ਚ ਬੰਬ ਰਖਿਆ ਸੀ। ਇਸ ਹਮਲੇ 'ਚ 329 ਲੋਕ ਮਾਰੇ ਗਏ ਸਨ। ਕੈਨੇਡਾ ਦੇ ਇਤਿਹਾਸ ਵਿੱਚ ਇੰਨਾ ਭਿਆਨਕ ਅਤਿਵਾਦੀ ਹਮਲਾ ਕਦੇ ਨਹੀਂ ਹੋਇਆ। ਅੱਜ ਉਹ ਵਿਚਾਰਧਾਰਾ ਫਿਰ ਸਿਰ ਚੁੱਕ ਰਹੀ ਹੈ।’’
ਸੰਸਦ ਮੈਂਬਰ ਨੇ ਕਿਹਾ, ‘‘ਹੁਣ ਇੰਦਰਾ ਗਾਂਧੀ ਦੀ ਹੱਤਿਆ ਨੂੰ ਵੀ ਦਰਸਾਇਆ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਨੂੰ ਦਰਸਾਇਆ ਜਾ ਰਿਹਾ ਹੈ।’’ਜ਼ਿਕਰਯੋਗ ਹੈ ਕਿ ਕੈਨੇਡਾ 'ਚ ਗਰਮਖਿਆਲੀਆਂ ਦੇ ਉਭਾਰ ਦੇ ਮੁੱਦੇ 'ਤੇ ਭਾਰਤ ਨੇ ਵੀ ਕਈ ਵਾਰ ਇਤਰਾਜ਼ ਜਤਾਇਆ ਹੈ। ਹਾਲਾਂਕਿ, ਕੈਨੇਡਾ ਦੇ ਰਵੱਈਏ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ। ਇਥੋਂ ਤੱਕ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਵੀ ਉਹਨਾਂ ਦਾ ਭਾਰਤ ਨਾਲ ਲਗਾਤਾਰ ਟਕਰਾਅ ਚੱਲ ਰਿਹਾ ਹੈ।