
ਵਾਸ਼ਿੰਗਟਨ ਵਿਚ ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਭਾਰਤ ਨਾਲ ਲਗਦੀ ਅਸਲ ਸਰਹੱਦੀ ਰੇਖਾ ਕੋਲ ਚੀਨ ਦੇ ਹਮਲਾਵਰ
ਵਾਸ਼ਿੰਗਟਨ, 20 ਜੁਲਾਈ : ਵਾਸ਼ਿੰਗਟਨ ਵਿਚ ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਭਾਰਤ ਨਾਲ ਲਗਦੀ ਅਸਲ ਸਰਹੱਦੀ ਰੇਖਾ ਕੋਲ ਚੀਨ ਦੇ ਹਮਲਾਵਰ ਰਵਈਏ ਵਿਰੁਧ ਇਥੇ ਚੀਨੀ ਸਫ਼ਾਰਤਖਾਨੇ ਸਾਹਮਣੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚੀਨ ਵਿਰੋਧੀ ਬੈਨਰ ਦਿਖਾਏ ਅਤੇ ‘ਚੀਨੀ ਕਮਿਊਨਿਜ਼ਮ ਹਾਏ ਹਾਏ’ ਵਰਗੇ ਨਾਹਰੇ ਲਗਾਏ। ਪ੍ਰਦਰਸ਼ਕਾਰੀਆਂ ਨੇ ਕਿਹਾ,‘‘ਚੀਨੀ ਵਾਇਰਸ ਨੇ ਦੁਨੀਆਂ ਵਿਚ ਲੱਖਾਂ ਲੋਕਾਂ ਦੀ ਜਾਨ ਲੈ ਲਈ ਅਤੇ ਆਲਮੀ ਅਰਥਚਾਰਾ ਰੁੱਕ ਗਿਆ।’’ ਭਾਰਤੀ ਅਮਰੀਕੀ ਮਨੋਜ ਸ਼੍ਰੀਵਾਸਤਵ ਨੇ ਕਿਹਾ,‘‘ਜਦੋਂ ਦੁਨੀਆਂ ਦਾ ਧਿਆਨ ਕੋਵਿਡ-19 ਨਾਲ ਨਜਿੱਠ ਰਹੀ ਹੈ, ਅਜਿਹੇ ਵਿਚ ਬਿਨਾ ਉਕਸਾਵੇ ਦੇ ਚੀਨ ਦਾ ਹਮਲਾ, ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਅਤੇ ਲਦਾਖ਼ ਵਿਚ ਭਾਰਤੀ ਜ਼ਮੀਨ ’ਤੇ ਭਾਰਤੀ ਫ਼ੋਜੀਆਂ ਦੀ ਹਤਿਆ ਦੀ ਅਸੀਂ ਨਖੇੇਧੀ ਕਰਦੇ ਹਾਂ।’’ ਇਕ ਹੋਰ ਪ੍ਰਦਰਸ਼ਨਕਾਰੀ ਮਹਿੰਦਰ ਸਪਾ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਚੀਨ, ਭਾਰਤ ਅਤੇ ਹੋਰ ਛੋਟੇ ਦੇਸ਼ਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਇਸ ਪ੍ਰਦਰਸ਼ਨ ਵਿਚ ਮੈਰੀਲੈਂਡ, ਵਰਜੀਨੀਆ ਅਤੇ ਵਾਸ਼ਿੰਗਟਨ ਡੀ.ਸੀ ਦੇ ਭਾਰਤੀ ਅਮਰੀਕੀ ਸਭਿਆਚਾਰਕ ਅਤੇ ਸਮਾਜਕ ਸੰਗਠਨਾਂ ਨੇ ਵੀ ਹਿੱਸਾ ਲਿਆ। ਜ਼ਿਕਰਯੋਗ ਹੈ ਕਿ 15 ਜੂਨ ਰਾਤ ਕਈ ਘੰਟੇ ਤਕ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ, ਜਿਸ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। (ਪੀਟੀਆਈ)