
ਸਾਬਤ ਸਿੱਖੀ ਸਰੂਪ ਵਿਚ ਨਿਭਾਵੇਗਾ ਸੇਵਾਵਾਂ
ਐਲਾਬਾਮਾ: ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਅਮਰੀਕਾ ਦੀ ਹਵਾਈ ਫ਼ੌਜ ਪਹਿਲਾ ਦਸਤਾਰਧਾਰੀ ਸਿੱਖ ਨੌਜਵਾਨ ਗੁਰਸ਼ਰਨ ਸਿੰਘ ਵਿਰਕ ਸ਼ਾਮਲ ਹੋ ਗਿਆ ਹੈ। ਬੀਤੇ ਦਿਨੀ ਅਮਰੀਕਾ ਦੀ ਹਵਾਈ ਫ਼ੌਜ ਨੇ ਭਾਰਤੀ ਸਿੱਖ ਕੈਡੇਟ ਗੁਰਸ਼ਰਨ ਸਿੰਘ ਵਿਰਕ ਨੂੰ ਸਾਬਤ ਸਿੱਖੀ ਸਰੂਪ 'ਚ ਨੌਕਰੀ 'ਤੇ ਸੇਵਾਵਾਂ ਨਿਭਾਉਣ ਦੀ ਇਜਾਜ਼ਤ ਦਿੱਤੀ ਹੈ।
Gursharan Singh
ਗੁਰਸ਼ਰਨ ਸਿੰਘ ਵਿਰਕ ਨਾ ਸਿਰਫ਼ ਦਾੜ੍ਹੀ ਅਤੇ ਦਸਤਾਰ ਨਾਲ ਹਵਾਈ ਫ਼ੌਜ ਦੀ ਸੇਵਾ ਨਿਭਾਅ ਸਕੇਗਾ ਬਲਕਿ ਉਸ ਨੂੰ ਕੱਕਾਰ ਧਾਰਨ ਕਰਨ ਦੀ ਇਜਾਜ਼ਤ ਵੀ ਦਿਤੀ ਗਈ ਹੈ। ਯੂਨੀਵਰਸਿਟੀ ਆਫ਼ ਆਇਓਵਾ ਵਿਖੇ ਡਿਟੈਚਮੈਂਟ 255 ਵਿਚ ਸੌਫੋਮੋਰ ਇਨਫ਼ਰਮੇਸ਼ਨ ਅਸ਼ੋਰੈਂਸ ਮੇਜਰ ਗੁਰਸ਼ਰਨ ਸਿੰਘ ਵਿਰਕ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪੱਗ ਗੁਰੂ ਸਾਹਿਬ ਵੱਲੋਂ ਬਖਸ਼ਿਆ ਤਾਜ ਹੈ ਜਿਸ ਨੂੰ ਹਰ ਸਿੱਖ ਆਪਣੇ ਸਿਰ ’ਤੇ ਸਜਾਉਣਾ ਚਾਹੁੰਦਾ ਹੈ।
ਉਹਨਾਂ ਕਿਹਾ ਕਿ ਇਤਿਹਾਸਕ ਤੌਰ 'ਤੇ ਦਸਤਾਰ ਸਜਾਉਣ ਦਾ ਮਨੋਰਥ ਇਹ ਸੀ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਉਹ ਭੀੜ ਵਿੱਚ ਕਿਸੇ ਨੂੰ ਦਸਤਾਰ ਸਜਾਏ ਵੇਖਦੇ ਹਨ, ਤਾਂ ਉਹ ਜਾਣਦੇ ਹਨ ਕਿ ਉਸ ਸਿੱਖ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ। ਇਹ ਜਾਣਦੇ ਹੋਏ ਕਿ ਸਿੱਖ ਦਸਤਾਰ ਨੂੰ ਆਪਣਾ ਤਾਜ ਸਮਝਦੇ ਹਨ ਅਤੇ ਇਸ ਨੂੰ ਮਾਣ ਨਾਲ ਪਹਿਨਦੇ ਹਨ।