
ਕਤਲ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਜੱਜ
ਵਾਸ਼ਿੰਗਟਨ: ਅਮਰੀਕਾ ਦੇ ਓਕਲਾਹਾਮਾ ’ਚ ਕਤਲ ਦੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਅਪਣੇ ਮੋਬਾਈਲ ਫ਼ੋਨ ’ਤੇ ਸੋਸ਼ਲ ਮੀਡੀਆ ਦਾ ਪ੍ਰਯੋਗ ਕਰਨ ਵਾਲੀ ਔਰਤ ਜੱਜ ਦਾ ਵੀਡੀਓ ਵਿਸ਼ਾਲ ਪੱਧਰ ’ਤੇ ਫੈਲਣ ਮਗਰੋਂ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਗਏ ਹਨ। ਅਮਰੀਕੀ ਅਖ਼ਬਾਰ ‘ਦ ਓਕਲਾਹੋਮਨ’ ’ਚ ਪ੍ਰਕਾਸ਼ਿਤ ਖ਼ਬਰ ’ਚ ਇਹ ਜਾਣਕਾਰੀ ਦਿਤੀ ਗਈ ਹੈ।
ਖ਼ਬਰ ਮੁਤਾਬਕ, ਵੀਡੀਓ ’ਚ ਲਿੰਕਨ ਕਾਊਂਟੀ ਦੀ ਜ਼ਿਲ੍ਹਾ ਜੱਜ ਟਰੇਸੀ ਸੋਡਰਸਟਰੌਮ ਇਕ ਨੌਜੁਆਨ ਵਲੋਂ ਅਪਣੀ ਪ੍ਰੇਮਿਕਾ ਦੇ ਢਾਈ ਸਾਲ ਦੇ ਬੱਚੇ ਦੇ ਕਤਲ ਮਾਮਲੇ ਦੀ ਸੁਣਵਾਈ ’ਚ ਜਿਊਰੀ ਦੀ ਚੋਣ, ਸ਼ੁਰੂਆਤੀ ਦਲੀਆਂ ਅਤੇ ਗਵਾਹੀ ਦੌਰਾਨ ਮੋਬਾਈਲ ਫ਼ੋਨ ’ਤੇ ਸੰਦੇਸ਼ ਟਾਈਪ ਕਰਦਿਆਂ ਨਜ਼ਰ ਆ ਰਹੀ ਸੀ। ਇਸ ਵੀਡੀਓ ’ਚ ਉਨ੍ਹਾਂ ਨੂੰ ਤਸਵੀਰਾਂ ਜੋੜਦਿਆਂ ਵੀ ਵੇਖਿਆ ਗਿਆ।
ਖ਼ਬਰ ਅਨੁਸਾਰ ਓਕਲਾਹੋਮਾ ਸਿਅਂ ਤੋਂ 72 ਕਿਲੋਮੀਟਰ ਉੱਤਰ-ਪੂਰਬ ’ਚ ਸ਼ੈਂਡਲਰ ਦੀ ਇਕ ਅਦਾਲਤ ’ਚ ਪਿਛਲੇ ਮਹੀਨੇ ਹੋਈ ਸੁਣਵਾਈ ਦੌਰਾਨ ਸੋਡਰਸਟਰੌਮ (50) ਫ਼ੇਸਬੁਕ ਦਾ ਪ੍ਰਯੋਗ ਕਰਦਿਆਂ ਵੀ ਦਿਸ ਰਹੀ ਹੈ। ਸੋਡਰਸਟਰੌਮ ਪਿਛਲੇ ਸਾਲ ਦਸੰਬਰ ’ਚ ਜੱਜ ਬਣੀ ਸੀ। ਉਸ ਨੂੰ ਇਸ ਸਾਲ 9 ਜਨਵਰੀ ਨੂੰ ਜੱਜ ਦੇ ਅਹੁਦੇ ਦੀ ਸਹੁੰ ਦਿਵਈ ਗਈ ਸੀ।
ਸੋਡਰਸਟਰੌਮ ਨੇ ‘ਦ ਓਕਲਾਹੋਮਨ’ ’ਚ ਪ੍ਰਕਾਸ਼ਿਤ ਖ਼ਬਰ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ, ਕਿਉਂਕਿ ਫੈਸਲੇ ਨੂੰ ਅਜੇ ਵੀ ਚੁਨੌਤੀ ਦਿਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਜੱਜਾਂ ਵਲੋਂ ਚਲ ਰਹੇ ਮਾਮਲਿਆਂ ’ਤੇ ਟਿਪਣੀ ਕਰਨ ’ਤੇ ਪਾਬੰਦੀ ਹੈ। ਸੁਣਵਾਈ ਖ਼ਤਮ ਹੋਣ ਮਗਰੋਂ ਨੌਜੁਆਨ ਨੂੰ ਸੈਕਿੰਡ ਡਿਗਰੀ ਕਤਲ ਦਾ ਦੋਸ਼ੀ ਕਰਾਰ ਦਿਤਾ ਗਿਆ। ਹਾਲਾਂਕਿ ਮੁਦਾਲਾ ਧਿਰ ਨੇ ਉਸ ਨੂੰ ਫ਼ਰਸਟ ਡਿਗਰੀ ਕਤਲ ਦਾ ਦੋਸ਼ੀ ਠਹਿਰਾਉਣ ਦੀ ਅਪੀਲ ਕੀਤੀ ਹੈ।