
ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਸੱਚ ਸਾਹਮਣੇ ਆ ਗਿਆ : ਟਰੰਪ
Was Barack Obama Arrested? Trump Posts Video Latest News in Punjabi ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ 'ਤੇ ਇਕ ਵੀਡੀਉ ਪੋਸਟ ਕੀਤਾ ਹੈ, ਜਿਸ ਵਿਚ ਐਫ਼.ਬੀ.ਆਈ. ਏਜੰਟਾਂ ਨੂੰ ਓਬਾਮਾ ਨੂੰ ਗ੍ਰਿਫ਼ਤਾਰ ਕਰਦੇ ਦਿਖਾਇਆ ਗਿਆ ਹੈ। ਹਾਲਾਂਕਿ, ਇਹ ਵੀਡੀਉ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਡੀਉ ਦੇ ਸ਼ੁਰੂ ਵਿਚ, ਓਬਾਮਾ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ, "ਰਾਸ਼ਟਰਪਤੀ ਕਾਨੂੰਨ ਤੋਂ ਉੱਪਰ ਨਹੀਂ ਹੈ।" ਇਸ ਤੋਂ ਬਾਅਦ, ਬਹੁਤ ਸਾਰੇ ਅਮਰੀਕੀ ਨੇਤਾਵਾਂ ਦੇ ਬਿਆਨ ਦਿਖਾਈ ਦਿੰਦੇ ਹਨ ਜੋ ਕਹਿ ਰਹੇ ਹਨ "ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।"
ਵੀਡੀਉ ਵਿਚ ਦਿਖਾਇਆ ਗਿਆ ਹੈ ਕਿ ਦੋ ਏਜੰਟ ਓਬਾਮਾ ਨੂੰ ਹੱਥਕੜੀ ਲਗਾ ਰਹੇ ਹਨ ਅਤੇ ਟਰੰਪ ਨੇੜੇ ਬੈਠੇ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਉ ਦੇ ਅੰਤ ਵਿਚ, ਓਬਾਮਾ ਨੂੰ ਜੇਲ ਵਿਚ ਇਕ ਕੈਦੀ ਦੀ ਵਰਦੀ ਵਿਚ ਦਿਖਾਇਆ ਗਿਆ ਹੈ ਹਾਲਾਂਕਿ ਟਰੰਪ ਨੇ ਇਸ ਵੀਡੀਉ ਦੇ ਨਾਲ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਵੀਡੀਉ ਨਕਲੀ ਹੈ।
ਬਹੁਤ ਸਾਰੇ ਲੋਕਾਂ ਨੇ ਟਰੰਪ ਦੁਆਰਾ ਬਿਨਾਂ ਕਿਸੇ ਸਪੱਸ਼ਟੀਕਰਨ ਤੋਂ ਇਸ ਵੀਡੀਉ ਨੂੰ ਪੋਸਟ ਕਰਨਾ ਗੰਭੀਰਤਾ ਨਾਲ ਗ਼ੈਰ-ਜ਼ਿੰਮੇਵਾਰਾਨਾ ਦਸਿਆ। ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹਾ ਵੀਡੀਉ ਆਮ ਲੋਕਾਂ ਨੂੰ ਗੁੰਮਰਾਹ ਕਰ ਸਕਦਾ ਹੈ। ਇਹ ਵੀਡੀਉ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਟਰੰਪ ਨੇ ਹਾਲ ਹੀ ਵਿਚ ਓਬਾਮਾ 'ਤੇ ਚੋਣ ਧੋਖਾਧੜੀ ਦਾ ਦੋਸ਼ ਲਗਾਇਆ ਸੀ।
ਤੁਲਸੀ ਗੈਬਾਰਡ ਦਾ ਦਾਅਵਾ
ਕੁੱਝ ਦਿਨ ਪਹਿਲਾਂ, ਯੂ.ਐਸ. ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ (ਡੀ.ਐਨ.ਆਈ.) ਤੁਲਸੀ ਗੈਬਾਰਡ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਸਬੂਤ ਹਨ ਜੋ ਦਰਸਾਉਂਦੇ ਹਨ ਕਿ 2016 ਵਿਚ ਓਬਾਮਾ ਪ੍ਰਸ਼ਾਸਨ ਦੇ ਕੁੱਝ ਲੋਕਾਂ ਨੇ ਟਰੰਪ ਅਤੇ ਰੂਸ ਵਿਚਕਾਰ ਇਕ ਝੂਠੀ ਸਾਜ਼ਿਸ਼ ਦੀ ਕਹਾਣੀ ਘੜੀ ਸੀ।
ਗੈਬਾਰਡ ਨੇ ਕਿਹਾ ਕਿ ਇਹ ਕੋਸ਼ਿਸ਼ ਟਰੰਪ ਨੂੰ ਰਾਸ਼ਟਰਪਤੀ ਬਣਨ ਤੋਂ ਰੋਕਣ ਲਈ ਕੀਤੀ ਗਈ ਸੀ ਅਤੇ ਇਹ ਅਮਰੀਕੀ ਲੋਕਤੰਤਰ ਵਿਰੁਧ ਇਕ ਸਾਜ਼ਿਸ਼ ਸੀ। ਉਨ੍ਹਾਂ ਕਿਹਾ, "ਹੁਣ ਅਮਰੀਕੀਆਂ ਨੂੰ ਇਸ ਬਾਰੇ ਸੱਚਾਈ ਪਤਾ ਲੱਗ ਜਾਵੇਗੀ ਕਿ ਖ਼ੁਫ਼ੀਆ ਏਜੰਸੀਆਂ ਦੀ ਦੁਰਵਰਤੋਂ ਕਿਵੇਂ ਕੀਤੀ ਗਈ।"
ਹਾਲਾਂਕਿ, ਡੀਐਨਆਈ ਦੁਆਰਾ ਜਾਰੀ ਕੀਤੀ ਗਈ 114 ਪੰਨਿਆਂ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਨਵੰਬਰ 2016 ਦੀਆਂ ਚੋਣਾਂ ਤੋਂ ਪਹਿਲਾਂ, ਅਮਰੀਕੀ ਖ਼ੁਫ਼ੀਆ ਏਜੰਸੀਆਂ ਦਾ ਮੰਨਣਾ ਸੀ ਕਿ ਰੂਸ ਨੇ ਚੋਣ ਨੂੰ ਸਿੱਧੇ ਤੌਰ 'ਤੇ ਪ੍ਰਭਾਵਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਰੀਪੋਰਟ ਵਿਚ 8 ਦਸੰਬਰ, 2016 ਦੇ ਇਕ ਸੰਖੇਪ ਦਾ ਹਵਾਲਾ ਦਿਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਰੂਸ ਨੇ ਅਮਰੀਕੀ ਚੋਣ ਦੇ ਨਤੀਜੇ ਨੂੰ ਬਦਲਣ ਲਈ ਕੋਈ ਸਾਈਬਰ ਹਮਲੇ ਨਹੀਂ ਕੀਤੇ ਸਨ।
(For more news apart from Was Barack Obama Arrested? Trump Posts Video Latest News in Punjabi stay tuned to Rozana Spokesman.)