
ਲਿਖਾਂਗੀ ਇਤਿਹਾਸ ਅਪਣੀ ਕਹਾਣੀ ਨਾਲ, ਗੱਲ ਪੱਕੀ ਹੋ ਗਈ ਦੇਸ਼ ਦੀ ਰਾਣੀ ਨਾਲ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਮੌਜੂਦਾ ਗਵਰਨਰ ਜਨਰਲ ਡੇਮ ਪੈਟਸੇ ਰੈਡੀ ਨੇ 28 ਸਤੰਬਰ ਨੂੰ ਅਪਣਾ ਪੰਜ ਸਾਲ ਦਾ ਕਾਰਜ ਪੂਰਾ ਕਰ ਲਿਆ ਹੈ ਅਤੇ ਵਿਦਾਇਗੀ ਪਾਰਟੀ ਵੀ ਲੈ ਲਈ ਹੈ। ਅਗਾਊਂ ਤਿਆਰੀਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਮਈ ਮਹੀਨੇ ਨਵੀਂ ਗਵਰਨਰ ਜਨਰਲ ਡੇਮ ਸਿੰਡੀ ਕਿਰੋ ਦੇ ਨਾਂ ਦਾ ਐਲਾਨ ਕਰ ਦਿਤਾ ਸੀ।
Cindy Kiro
ਅੱਜ 10 ਵਜੇ ਮਾਉਰੀ ਮੂਲ ਦੀ ਇਹ ਪਹਿਲੀ ਮਹਿਲਾ ਗਵਰਨਰ ਜਨਰਲ ਬਣਨ ਜਾ ਰਹੀ ਹੈ। ਰਾਜਾਸ਼ਾਹੀ ਦਾ ਇਕ ਉਚ ਪਧਰੀ ਸਨਮਾਨ ‘ਕਨਾਈਟ ਜਾਂ ਡੇਮ ਕੰਪੇਨਨ’ ਜਦੋਂ ਮਿਲਦਾ ਹੈ ਤਾਂ ਨਾਂ ਮੂਹਰੇ ਡੇਮ ਲਗਾ ਦਿਤਾ ਜਾਂਦਾ ਹੈ। ਸਿੰਡੀ ਕਿਰੋ ਨੂੰ ਇਹ ਸਨਮਾਨ ਮਿਲ ਚੁਕਾ ਹੈ। ਅੱਜ ਸਿੰਡੀ ਕਿਰੋ ਨੇ ਦੇਸ਼ ਦੀ ਰਾਣੀ ਏਲਿਜ਼ਾਬੇਥ ਦੇ ਨਾਲ ਵੀਡੀਉ ਕਾਲਿੰਗ ਰਾਹੀਂ ਰਸਮੀ ਗਲਬਾਤ ਕੀਤੀ ਅਤੇ ਅਗਲੇ ਪੰਜ ਸਾਲਾਂ ਲਈ ਉਨ੍ਹਾਂ ਦੀ ਅਗਵਾਈ ਕਰਨ ਲਈ ਭਰੋਸਾ ਵੀ ਜਿੱਤ ਲਿਆ।
Cindy Kiro
ਲਗਪਗ ਇਕ ਪਾਸੇ ਦਿਨ ਅਤੇ ਦੂਜੇ ਪਾਸੇ ਰਾਤ ਹੋਣ ਕਰ ਕੇ, ਇਕ ਪਾਸੇ ਤੋਂ ਨਿਊਜ਼ੀਲੈਂਡ ਤੋਂ ਗੁੱਡ ਮਾਰਨਿੰਗ ਹੋਈ ਅਤੇ ਇੰਗਲੈਂਡ ਤੋਂ ਗੁੱਡ ਈਵਨਿੰਗ। ਬਹੁਤ ਹੀ ਗ਼ਰੀਬ ਪ੍ਰਵਾਰ ’ਚੋਂ ਉੱਚ ਸਿਖਿਆ ਪ੍ਰਾਪਤ ਇਸ ਔਰਤ ਨੇ ਮਨੋ-ਮਨ ਇਹ ਜ਼ਰੂਰ ਕਿਹਾ ਹੋਵੇਗਾ ਕਿ ਉਹ ਹੁਣ ਅਪਣੀ ਜੀਵਨ ਕਹਾਣੀ ਵਿਚ ਇਕ ਸੁਨਹਿਰੀ ਪੰਨਾ ਹੋਰ ਜੋੜ ਕੇ ਚਿਰ ਸਥਾਈ ਇਤਿਹਾਸ ਲਿਖੇਗੀ।
Cindy Kiro
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ 2006 ਤੋਂ 2011 ਤਕ ਭਾਰਤੀ ਮੂਲ ਦੇ ਸਰ ਅਨੰਦ ਸਤਿਆਨੰਦ ਵੀ 19ਵੇਂ ਗਵਰਨਰ ਜਨਰਲ ਰਹਿ ਚੁਕੇ ਹਨ। ਵਿਗਿਆਨ ਭਵਨ ਦੇ ਵਿਚ ਸੰਨ 2011 ਦੇ ਵਿਚ ਉਨ੍ਹਾਂ ਨੂੰ ਨੌਵੇਂ ਪ੍ਰਵਾਸੀ ਭਾਰਤੀ ਸੰਮੇਲਨ ਮੌਕੇ ਪ੍ਰਵਾਸੀ ਭਾਰਤੀਆ ਸਨਮਾਨ ਵੀ ਦਿਤਾ ਗਿਆ ਸੀ।