ਪੁਲਿਸ ਕਾਂਸਟੇਬਲ ਏਰਿਕਾ ਲੈਂਡਰੀ ਨੇ ਕਿਹਾ ਕਿ ਜਾਂਚਕਰਤਾ ਇਸ ਧਾਰਨਾ 'ਤੇ ਕੰਮ ਕਰ ਰਹੇ ਹਨ ਕਿ ਬੱਚਿਆਂ ਦੀ ਮੌਤ ਘਰੇਲੂ ਹਿੰਸਾ ਦੇ ਨਤੀਜੇ ਵਜੋਂ ਹੋਈ ਹੈ
ਓਟਾਵਾ- ਕੈਨੇਡਾ ਵਿੱਚ ਮਾਂਟਰੀਅਲ ਦੇ ਉੱਤਰ ਵਿੱਚ ਰਹਿ ਰਹੇ ਘਰ ਵਿੱਚ ਦੋ ਬੱਚਿਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਤਲ ਤੋਂ ਬਾਅਦ ਇੱਕ ਇੰਡੋ-ਕੈਨੇਡੀਅਨ 'ਤੇ ਫਸਟ-ਡਿਗਰੀ ਕਤਲ ਦੇ ਦੋ ਦੋਸ਼ ਲਾਏ ਗਏ ਹਨ। ਕਮਲਜੀਤ ਅਰੋੜਾ (45) ਨਾਂਅ ਦੇ ਵਿਅਕਤੀ 'ਤੇ 17 ਅਕਤੂਬਰ ਨੂੰ ਕ੍ਰਮਵਾਰ 11 ਅਤੇ 13 ਸਾਲ ਦੇ ਆਪਣੇ ਪੁੱਤਰ ਅਤੇ ਧੀ ਦਾ ਕਤਲ ਕਰਨ ਦਾ ਦੋਸ਼ ਹੈ। ਉਸ 'ਤੇ ਆਪਣੀ ਪਤਨੀ ਦਾ ਗਲਾ ਘੁੱਟ ਮਾਰਨ ਦੀ ਕੋਸ਼ਿਸ਼ ਕਰਨ ਦਾ ਵੀ ਇੱਕ ਦੋਸ਼ ਹੈ। ਮੁਲਜ਼ਮ ਨੇ 19 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ, ਪਰ ਸਰਕਾਰੀ ਵਕੀਲਾਂ ਨੇ ਕਿਹਾ ਕਿ ਉਹ ਹਾਜ਼ਰ ਹੋਣ ਲਈ ਸਰੀਰਕ ਤੌਰ 'ਤੇ ਠੀਕ ਨਹੀਂ ਹੈ ਅਤੇ ਸੁਣਵਾਈ ਮੁਲਤਵੀ ਕਰ ਦਿੱਤੀ ਗਈ।
ਘਟਨਾ ਮਗਰੋਂ ਗੁਆਂਢੀ ਪਰੇਸ਼ਾਨ ਅਤੇ ਸਦਮੇ ਵਿਚ ਹਨ ਅਤੇ ਉਹ ਹਾਲਾਤ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੀੜਤਾਂ ਦੇ ਦੂਰ ਦੇ ਰਿਸ਼ਤੇਦਾਰ ਪਰਮ ਕਮਲ ਸਿੰਘ ਨੇ ਦੱਸਿਆ ਕਿ ਉਹ ਇਸ ਘਟਨਾ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ ਕਿ ਕਿਵੇਂ ਕੋਈ ਆਪਣੇ ਬੱਚਿਆਂ ਨਾਲ ਅਜਿਹਾ ਕਰ ਸਕਦਾ ਹੈ। ਪਰਮਾਤਮਾ ਕਰੇ ਕਿਸੇ ਨੂੰ ਵੀ ਅਜਿਹੀ ਸਥਿਤੀ ਵਿੱਚੋਂ ਨਾ ਲੰਘਣਾ ਪਵੇ। ਉੱਧਰ ਪੁਲਿਸ ਨੂੰ ਲਾਵਲ ਦੇ ਸਟੀ-ਡੋਰੋਥੀ ਸੈਕਟਰ ਵਿੱਚ ਇੱਕ ਘਰ ਵਿੱਚ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੇ ਦੋ ਬੱਚਿਆਂ ਨੂੰ ਲੱਭਿਆ, ਜਿਨ੍ਹਾਂ ਦੀ ਪਛਾਣ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਏ.ਏ. ਵਜੋਂ ਕੀਤੀ ਗਈ, ਜੋ ਗੰਭੀਰ ਹਾਲਤ ਵਿੱਚ ਸਨ। ਰਿਪੋਰਟ ਮੁਤਾਬਕ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮੁਲਜ਼ਮ ਨੂੰ ਵੀ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਲਿਜਾਇਆ ਗਿਆ ਸੀ ਅਤੇ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹੈ। ਮੁਲਜ਼ਮ ਅਰੋੜਾ ਦੀ 18 ਸਾਲਾ ਸਭ ਤੋਂ ਵੱਡੀ ਧੀ ਨੇ ਇੱਕ ਗੁਆਂਢੀ ਨੂੰ ਇਸ ਦੁਖਦਾਈ ਘਟਨਾ ਬਾਰੇ ਦੱਸਿਆ ਸੀ। ਪੁਲਿਸ ਨੇ ਅਜੇ ਤੱਕ ਮੌਤ ਦੇ ਕਾਰਨਾਂ ਜਾਂ ਕਤਲਾਂ ਦੇ ਆਲੇ ਦੁਆਲੇ ਦੀਆਂ ਘਟਨਾਵਾਂ ਬਾਰੇ ਵੇਰਵੇ ਜਨਤਕ ਤੌਰ 'ਤੇ ਜਾਰੀ ਨਹੀਂ ਕੀਤੇ ਹਨ। ਲਾਵਲ ਪੁਲਿਸ ਕਾਂਸਟੇਬਲ ਏਰਿਕਾ ਲੈਂਡਰੀ ਨੇ ਕਿਹਾ ਕਿ ਜਾਂਚਕਰਤਾ ਇਸ ਧਾਰਨਾ 'ਤੇ ਕੰਮ ਕਰ ਰਹੇ ਹਨ ਕਿ ਬੱਚਿਆਂ ਦੀ ਮੌਤ ਘਰੇਲੂ ਹਿੰਸਾ ਦੇ ਨਤੀਜੇ ਵਜੋਂ ਹੋਈ ਹੈ, ਪਰ ਉਸ ਨੇ ਜ਼ਿਆਦਾ ਵੇਰਵੇ ਨਹੀਂ ਦਿੱਤੇ।