
ਪੁਲਿਸ ਅਨੁਸਾਰ ਚੋਰ ਨੂੰ ਲੱਗਿਆ ਕਿ ਜੇਕਰ ਉਹ ਖੁਦ ਦੁਕਾਨ ਤੋਂ ਬਾਹਰ ਨਿੱਕਲਿਆ ਤਾਂ ਭੀੜ ਉਸ ਦੀ ਕੁੱਟਮਾਰ ਕਰੇਗੀ
ਢਾਕਾ - ਬੰਗਲਾਦੇਸ਼ ਦੀ ਰਾਜਧਾਨੀ ਦੇ ਬਰਿਸ਼ਾਲ ਜ਼ਿਲ੍ਹੇ ਵਿੱਚ ਚੋਰੀ ਤੋਂ ਬਾਅਦ ਇੱਕ ਦੁਕਾਨ ਦੇ ਅੰਦਰ ਫ਼ਸੇ ਚੋਰ ਨੇ ਸੰਭਾਵਿਤ 'ਮੌਬ ਲਿੰਚਿੰਗ' ਤੋਂ ਬਚਣ ਲਈ ਪੁਲਿਸ ਦੀ ਮਦਦ ਮੰਗੀ। ਵੀਰਵਾਰ 20 ਅਕਤੂਬਰ ਦੀ ਰਾਤ ਨੂੰ ਬੰਦਰ ਇਲਾਕੇ ਦੇ ਏਆਰ ਬਾਜ਼ਾਰ 'ਚ ਕਰਿਆਨੇ ਦੀ ਦੁਕਾਨ 'ਚ ਦਾਖਲ ਹੋਏ 40 ਸਾਲਾ ਚੋਰ ਨੇ ਆਪਣੇ ਆਪ ਨੂੰ ਦੁਕਾਨ ਦੇ ਅੰਦਰ ਫ਼ਸਿਆ ਮਹਿਸੂਸ ਕੀਤਾ, ਜਿਸ ਦੇ ਬਾਹਰ ਭੀੜ ਇਕੱਠੀ ਹੋਈ ਸੀ।
ਪੁਲਿਸ ਅਨੁਸਾਰ ਚੋਰ ਨੂੰ ਲੱਗਿਆ ਕਿ ਜੇਕਰ ਉਹ ਖੁਦ ਦੁਕਾਨ ਤੋਂ ਬਾਹਰ ਨਿੱਕਲਿਆ ਤਾਂ ਭੀੜ ਉਸ ਦੀ ਕੁੱਟਮਾਰ ਕਰੇਗੀ, ਇਸ ਲਈ ਉਸ ਨੇ ਨੈਸ਼ਨਲ ਹੈਲਪਲਾਈਨ ਨੰਬਰ ‘999’ ਰਾਹੀਂ ਪੁਲੀਸ ਨੂੰ ਫ਼ੋਨ ਕਰਕੇ ਆਪਣੀ ਸਥਿਤੀ ਦੱਸੀ ਅਤੇ ਉਸ ਨੂੰ ਸੁਰੱਖਿਅਤ ਬਾਹਰ ਨਿੱਕਲਣ ਵਿੱਚ ਮਦਦ ਕਰਨ ਲਈ ਕਿਹਾ। ਖ਼ਤਰੇ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।
ਬੰਦਰ ਥਾਣਾ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ, ''ਮੇਰੇ ਦਹਾਕੇ ਲੰਬੇ ਪੁਲਿਸ ਕਰੀਅਰ 'ਚ ਇਹ ਪਹਿਲੀ ਵਾਰ ਹੈ ਕਿ ਕਿਸੇ ਚੋਰ ਨੇ ਅਪਰਾਧ ਕਰਨ ਤੋਂ ਬਾਅਦ ਖ਼ੁਦ ਪੁਲਿਸ ਨੂੰ ਬੁਲਾਇਆ ਹੈ।" ਦੂਜੇ ਪਾਸੇ, ਦੁਕਾਨ ਮਾਲਕ ਨੂੰ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ। ਸ਼ੁੱਕਰਵਾਰ ਸਵੇਰੇ ਜਦੋਂ ਉਹ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦੇ ਬਾਹਰ ਭੀੜ ਇਕੱਠੀ ਹੋਈ ਸੀ ਅਤੇ ਪੁਲਿਸ ਤਲਾਸ਼ੀ ਲੈ ਰਹੀ ਸੀ।
ਦੁਕਾਨ ਦੇ ਮਾਲਕ ਝੰਟੂ ਮੀਆਂ ਨੇ ਪੱਤਰਕਾਰਾਂ ਨੂੰ ਦੱਸਿਆ, “ਪੁਲਿਸ ਨੇ ਮੈਨੂੰ ਕੁਝ ਸਮੇਂ ਲਈ ਆਪਣੀ ਦੁਕਾਨ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਕੁਝ ਦੇਰ ਬਾਅਦ ਉਹ ਇੱਕ ਵਿਅਕਤੀ ਨੂੰ ਬਾਹਰ ਲੈ ਆਏ। ਉਸ ਤੋਂ ਬਾਅਦ ਮੈਂ ਸਮਝ ਗਿਆ ਕਿ ਕੀ ਹੋ ਰਿਹਾ ਹੈ।" ਪੁਲਿਸ ਨੇ ਕਿਹਾ ਕਿ ਦੋਸ਼ੀ ਇੱਕ 'ਪੇਸ਼ੇਵਰ ਚੋਰ' ਹੈ ਅਤੇ ਉਸ ਨੂੰ ਚੋਰੀ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।