
ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਨਤਮਸਤਕ
ਮਿਲਾਨ: ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੀੜ ਸਾਹਿਬ ਜੀ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪੰਜਾਬ ਵਿੱਚ ਉਹਨਾਂ ਦੇ ਅਸਥਾਨਾਂ ਤੇ ਸਮੂਹ ਸੰਗਤਾਂ ਵੱਲੋਂ ਸਮਾਗਮ ਉਲੀਕੇ ਜਾਂਦੇ ਹਨ। ਉੱਥੇ ਹੀ ਇਟਲੀ ਦੀਆ ਸੰਗਤਾਂ ਵੱਲੋਂ ਹਰ ਸਾਲ ਦੀ ਤਰਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕਸਤੇਨੇਦਲੋ ਬਰੇਸ਼ੀਆ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਤਿੰਨ ਰੋਜਾ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆ।
ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆ ਕਰਵਾਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਦੀਵਾਨਾਂ ਦੀ ਆਰੰਭਤਾ ਮੌਕੇ ਭਾਈ ਜਗਤਾਰ ਸਿੰਘ ਦੇ ਕੀਰਤਨੀ ਜੱਥੇ ਦੁਆਰਾ ਗੁਰਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ।ਇਹਨਾਂ ਦੀਵਾਨਾਂ ਵਿੱਚ ਕਵੀਸ਼ਰੀ ਜੱਥੇ ਭਾਈ ਜਸਵੀਰ ਸਿੰਘ ਖਾਲਸਾ ਅਤੇ ਭਾਈ ਨਰਿੰਦਰਪਾਲ ਸਿੰਘ ਅਤੇ ਸਾਥੀਆ ਨੇ ਵੀ ਹਾਜਰੀ ਭਰੀ। ਉਪਰੰਤ ਢਾਡੀ ਜਥਾ ਭਾਈ ਸੁਖਬੀਰ ਸਿੰਘ ਜੀ ਭੋਰ ਦੁਆਰਾ ਢਾਡੀ ਵਾਰਾਂ ਨਾਲ ਗੁਰੂ ਇਤਿਹਾਸ ਸੁਣਾ ਨਿਹਾਲ ਕੀਤਾ।
ਇਸ ਮੌਕੇ ਸੰਗਤਾਂ ਲਈ ਲੰਗਰਾਂ ਵਿੱਚ ਮਿੱਸੇ ਪ੍ਰਸ਼ਾਦੇ, ਦਹੀ, ਲੱਸੀ, ਅਚਾਰ, ਖੀਰ ਆਦਿ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨਾਂ ਦੀ ਮਰਿਆਦਾ ਅਨੁਸਾਰ ਚਲਾਏ ਗਏ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਬੂਰੇ ਜੱਟਾਂ ਅਤੇ ਹੋਰ ਪ੍ਰਬੰਧਕਾਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਕਰਵਾਏ ਸਮਾਗਮ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਅਤੇ ਸਮਾਗਮ ਵਿੱਚ ਸਹਿਯੋਗ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਜੀ ਬੂਰੇ ਜੱਟਾਂ, ਭਾਈ ਲਾਲ ਸਿੰਘ ਜੀ ਸੁਰਤਾ ਪੁਰ, ਦੇਵ ਸਿੰਘ ਰਹੀਮ ਪੁਰ, ਹਰਦੇਵ ਸਿੰਘ ਗਰੇਵਾਲ਼, ਜਗਜੀਤ ਸਿੰਘ ਧਾਲੀਵਾਲ, ਜਸਬੀਰ ਸਿੰਘ ਗੇਦੀ, ਰਵਿੰਦਰ ਸਿੰਘ ਰੋਮੀ, ਸੰਤੋਖ ਸਿੰਘ ਲਾਂਬੜਾ, ਸੁਖਦੇਵ ਸਿੰਘ, ਚਰਨਜੀਤ ਸਿੰਘ ਚੰਨਾ, ਭੁਪਿੰਦਰ ਸਿੰਘ ਮੁਲਤਾਨੀ, ਰਣਜੀਤ ਸਿੰਘ ਬਰੇਸ਼ੀਆ, ਜਗਦੀਸ਼ ਲਾਲ, ਬਲਜੀਤ ਸਿੰਘ ਮੁਨਤੀਕਿਆਰੀ ਆਦਿ ਹਾਜ਼ਰ ਸਨ।