
ਮੁੜ ਗਾਜ਼ਾ ’ਚ ਜੰਗਬੰਦੀ ਦੀ ਉਲੰਘਣਾ ਹੋਈ ਤਾਂ ਅੰਤ ਬਹੁਤ ਛੇਤੀ ਅਤੇ ਬੇਰਹਿਮ ਹੋਵੇਗਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਟੜਪੰਥੀ ਸੰਗਠਨ ਹਮਾਸ ਨੂੰ ਸਖ਼ਤ ਚੇਤਾਵਨੀ ਦਿਤੀ ਹੈ ਕਿ ਜੇਕਰ ਗਾਜ਼ਾ ’ਚ ਜੰਗਬੰਦੀ ਦੀ ਮੁੜ ਉਲੰਘਣਾ ਹੋਈ ਤਾਂ ਇਸ ਦਾ ਉਸ ਨੂੰ ਸਖ਼ਤ ਜਵਾਬ ਦਿਤਾ ਜਾਵੇਗਾ।
ਟਰੰਪ ਨੇ ਮੰਗਲਵਾਰ ਨੂੰ ਅਪਣੀ ਇਕ ਟਰੂਥ ਸੋਸ਼ਲ ਪੋਸਟ ਵਿਚ ਲਿਖਿਆ, ‘‘ਮਿਡਲ ਈਸਟ ਅਤੇ ਇਸ ਦੇ ਆਸ-ਪਾਸ ਦੇ ਸਾਡੇ ਕਈ ਸਹਿਯੋਗੀਆਂ ਨੇ ਮੈਨੂੰ ਸਾਫ਼ ਤੌਰ ’ਤੇ ਕਿਹਾ ਹੈ ਕਿ ਜੇਕਰ ਮੈਂ ਕਹਾਂ ਤਾਂ ਉਹ ਭਾਰੀ ਬਲ ਨਾਲ ਗਾਜ਼ਾ ’ਚ ਆਉਣ ਅਤੇ ਹਮਾਸ ਨੂੰ ‘ਸਿੱਧਾ’ ਕਰਨ ਲਈ ਤਿਆਰ ਹਨ, ਜੇਕਰ ਹਮਾਸ ਨੇ ਜੰਗਬੰਦੀ ਦੀ ਉਲੰਘਣਾ ਕਰਨਾ ਜਾਰੀ ਰਖਿਆ।’’
ਟਰੰਪ ਨੇ ਅੱਗੇ ਕਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਅਤੇ ਇਜ਼ਰਾਈਲ ਨੂੰ ਕਿਹਾ ਹੈ ਕਿ ਉਹ ਅਜੇ ਅਜਿਹਾ ਨਹੀਂ ਕਰਨਗੇ ਕਿਉਂਕਿ ਅਜਿਹੀ ਉਮੀਦ ਹੈ ਕਿ ਹਮਾਸ ਸਹੀ ਕੰਮ ਕਰੇਗਾ। ਟਰੰਪ ਨੇ ਅਪਣੀ ਪੋਸਟ ’ਚ ਅੱਗੇ ਲਿਖਿਆ, ‘‘ਜੇਕਰ ਹਮਾਸ ਨੇ ਅਜਿਹਾ ਨਾ ਕੀਤਾ ਤਾਂ ਹਮਾਸ ਦਾ ਅੰਤਰ ਬਹੁਤ ਤੇਜ਼ੀ ਨਾਲ ਬੇਰਹਿਮੀ ਨਾਲ ਹੋਵੇਗਾ।’’
ਟਰੰਪ ਨੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਦਾ ਧਨਵਾਦ ਵੀ ਕੀਤਾ ਹੈ। ਟਰੰਪ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਮਿਸਰ ਦੇ ਸ਼ਰਮ ਅਲ ਸ਼ੇਖ ਵਿਚ ਹੋਏ ਗਾਜ਼ਾ ਸ਼ਾਂਤੀ ਸਿਖਰ ਸੰਮੇਲਨ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਗਾਜ਼ਾ ’ਚ ਜੰਗਬੰਦੀ ਦੇ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਅਮਰੀਕੀ ਰਾਸ਼ਟਰਪਤੀ ਜੇਡੀ ਵਾਂਸ ਇਜ਼ਰਾਈਲ ਦੇ ਦੌਰੇ ਉਤੇ ਹਨ।