
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੈਂਬਰ ਨੇ ਸੋਮਵਾਰ ਨੂੰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਨੂੰ ਅਯੋਗ ਐਲਾਨ ਕਰਨ....
ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੈਂਬਰ ਨੇ ਸੋਮਵਾਰ ਨੂੰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਨੂੰ ਅਯੋਗ ਐਲਾਨ ਕਰਨ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ । ਇਹ ਪਟੀਸ਼ਨ ਪੀ.ਟੀ.ਆਈ. ਸੰਸਦ ਮੈਂਬਰ ਖੁਰਮ ਸ਼ੇਰ ਜ਼ਮਾਨ ਨੇ ਦਾਇਰ ਕੀਤੀ ਹੈ । ਪਟੀਸ਼ਨ ਦਾਇਰ ਕਰਨ ਦੇ ਬਾਅਦ ਜ਼ਮਾਨ ਨੇ ਪੱਤਰਕਾਰਾਂ ਨੂੰ ਕਿਹਾ,''ਸਾਨੂੰ ਉਮੀਦ ਹੈ ਕਿ ਅਦਾਲਤ ਜਲਦੀ ਹੀ ਪਟੀਸ਼ਨ 'ਤੇ ਸੁਣਵਾਈ ਕਰੇਗੀ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਇਹ ਮੁਕੱਦਮਾ ਜਿੱਤਾਂਗਾ।''
ਇਕ ਸਮਾਚਾਰ ਏਜੰਸੀ ਮੁਤਾਬਕ ਪਟੀਸ਼ਨ ਕਰਤਾ ਨੇ ਕਿਹਾ,''ਜ਼ਰਦਾਰੀ ਕੋਲ ਅਰਬਾਂ ਰੁਪਏ ਦੀ ਗੁਪਤ ਜਾਇਦਾਦ ਹੈ। ਇਹ ਬਹੁਤ ਵੱਡਾ ਮਾਮਲਾ ਹੈ ਅਤੇ ਸਾਡੇ ਕੋਲ ਇਸ ਮਾਮਲੇ ਨਾਲ ਸਬੰਧਤ ਬਹੁਤ ਸਾਰੇ ਸਬੂਤ ਹਨ।'' ਉਨ੍ਹਾਂ ਕਿਹਾ ਕਿ ਹੁਣ ਉਹ ਇਸ ਮਾਮਲੇ ਵਿਚ ਅੱਗੇ ਕੁਝ ਨਹੀਂ ਕਹਿਣਗੇ ਕਿਉਂਕਿ ਹੁਣ ਇਹ ਮਾਮਲਾ ਅਦਾਲਤ ਵਿਚ ਹੈ। ਜ਼ਮਾਨ ਨੇ ਕਿਹਾ,''ਇਸ ਮਾਮਲੇ ਵਿਚ ਜਿਵੇਂ ਹੀ ਕੋਈ ਸੁਣਵਾਈ ਹੋਵੇਗੀ ਮੀਡੀਆ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ।''
ਜ਼ਮਾਨ ਨੇ 20 ਦਸੰਬਰ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਵਿਚ ਪਟੀਸ਼ਨ ਦਿਤੀ ਸੀ ਜਿਸ ਵਿਚ ਸਾਬਕਾ ਰਾਸ਼ਟਰਪਤੀ ਕੋਲ ਨਿਊਯਾਰਕ ਵਿਚ ਕਥਿਤ ਰੂਪ ਨਾਲ ਗੁਪਤ ਅਪਾਰਟਮੈਂਟ ਹੋਣ ਦੇ ਆਧਾਰ 'ਤੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਅਪੀਲ ਕੀਤੀ ਗਈ ਸੀ। ਪੀ.ਟੀ.ਆਈ. ਸੰਸਦ ਮੈਂਬਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਜ਼ਰਦਾਰੀ ਨੂੰ ਅਯੋਗ ਠਹਿਰਾਈ ਜਾਣ ਵਾਲੀ ਪਟੀਸ਼ਨ ਇਹ ਕਹਿੰਦਿਆਂ ਵਾਪਸ ਲੈ ਲਈ ਸੀ ਕਿ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲੈ ਜਾਣਗੇ। (ਪੀਟੀਆਈ)