
ਦੁਬਈ ਵਿਚ ਹੋਣ ਵਾਲੇ ਸਾਰੇ ਮੈਚਾਂ ਵਿਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨ ਦੇ ਲੋਗੋ ਦੀ ਵਰਤੋਂ ਕਰੇਗਾ।
ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਵੀਰਵਾਰ ਨੂੰ ਦੁਬਈ ’ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਦੇ ਲੋਗੋ ’ਚ ਦੇਸ਼ ਦਾ ਨਾਮ ਨਾ ਹੋਣ ’ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਕੋਲ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਪੀ.ਸੀ.ਬੀ. ਸੂਤਰਾਂ ਮੁਤਾਬਕ ਆਈ.ਸੀ.ਸੀ. ਨੇ ਗਲਤੀ ਮੰਨ ਲਈ ਹੈ ਅਤੇ ਭਰੋਸਾ ਦਿਤਾ ਹੈ ਕਿ ਉਹ ਦੁਬਈ ਵਿਚ ਹੋਣ ਵਾਲੇ ਸਾਰੇ ਮੈਚਾਂ ਵਿਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨ ਦੇ ਲੋਗੋ ਦੀ ਵਰਤੋਂ ਕਰੇਗਾ। ਭਾਰਤ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਹਾਈਬ੍ਰਿਡ ਫਾਰਮੂਲੇ ਤਹਿਤ ਦੁਬਈ ਵਿਚ ਅਪਣੇ ਮੈਚ ਖੇਡ ਰਿਹਾ ਹੈ।
ਪੀ.ਸੀ.ਬੀ. ਦੇ ਇਕ ਸੂਤਰ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਪੀ.ਸੀ.ਬੀ. ਨੇ ਇਸ ਸਬੰਧ ਵਿਚ ਆਈ.ਸੀ.ਸੀ. ਨੂੰ ਪੱਤਰ ਲਿਖਿਆ ਹੈ। ਆਈ.ਸੀ.ਸੀ. ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਭਰੋਸਾ ਦਿਤਾ ਹੈ ਕਿ ਉਹ ਦੁਬਈ ’ਚ ਖੇਡੇ ਜਾਣ ਵਾਲੇ ਸਾਰੇ ਮੈਚਾਂ ’ਚ ਪਾਕਿਸਤਾਨ ਦੇ ਨਾਮ ਵਾਲੇ ਤਿੰਨ ਲਾਈਨਾਂ ਦੇ ਲੋਗੋ ਦੀ ਵਰਤੋਂ ਕਰੇਗਾ, ਜਿਵੇਂ ਕਿ ਕਰਾਚੀ ’ਚ 19 ਅਤੇ 21 ਫ਼ਰਵਰੀ ਨੂੰ ਖੇਡੇ ਗਏ ਮੈਚਾਂ ’ਚ ਕੀਤਾ ਗਿਆ ਸੀ।’’
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਮੈਚ ਦੇ ਪ੍ਰਸਾਰਣ ਵਿਚ ਸੱਭ ਤੋਂ ਉੱਪਰ ਖੱਬੇ ਪਾਸੇ ਲੋਗੋ ’ਤੇ ਸਿਰਫ ਚੈਂਪੀਅਨਜ਼ ਟਰਾਫੀ 2025 ਲਿਖਿਆ ਹੋਇਆ ਸੀ। ਇਸ ਵਿਚ ਮੇਜ਼ਬਾਨ ਪਾਕਿਸਤਾਨ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਮੁੱਦਾ ਐਤਵਾਰ ਨੂੰ ਦੁਬਈ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਜ਼ ਟਰਾਫੀ ਮੈਚ ਤੋਂ ਪਹਿਲਾਂ ਸਾਹਮਣੇ ਆਇਆ ਸੀ।