
ਭਾਰਤ ਨੇ ਯੂ.ਐਸ.ਏਡ ਬਾਰੇ ਜਾਣਕਾਰੀ ਬੇਹੱਦ ਪਰੇਸ਼ਾਨ ਕਰਨ ਵਾਲੀ, ਦਸਿਆ ਜਾਂਚ ਸ਼ੁਰੂ
Donald Trump: ਭਾਰਤ ’ਚ ‘ਵੋਟਿੰਗ ਫ਼ੀ ਸਦੀ’ ਵਧਾਉਣ ਲਈ ਅਮਰੀਕਾ ਵਲੋਂ ਦਿਤੀ ਗਈ 2.1 ਕਰੋੜ ਡਾਲਰ ਦੀ ਸਹਾਇਤਾ ਰਕਮ ’ਤੇ ਦੇਸ਼ ਦੀ ਸਿਆਸਤ ’ਚ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਭਾਰਤ ਸਰਕਾਰ ਨੇ ਇਸ ਬਾਰੇ ਖ਼ੁਲਾਸਿਆਂ ਨੂੰ ਚਿੰਤਾਜਨਕ ਦਸਿਆ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ’ਚ ‘ਵੋਟਿੰਗ ਫ਼ੀ ਸਦੀ’ ਵਧਾਉਣ ਲਈ ਦਿਤੀ ਜਾਣ ਵਾਲੀ 2.1 ਕਰੋੜ ਡਾਲਰ ਦੀ ਸਹਾਇਤਾ ਰਕਮ ਇਕ ‘ਰਿਸ਼ਵਤ’ ਯੋਜਨਾ ਸੀ।
ਭਾਰਤ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ’ਚ ਕੁੱਝ ਗਤੀਵਿਧੀਆਂ ਲਈ ਯੂ.ਐਸ.ਏਡ ਨਾਮਕ ਅਮਰੀਕੀ ਚੰਦਾ ਦਿਤੇ ਜਾਣ ਬਾਰੇ ਪ੍ਰਗਟਾਵੇ ‘ਬਹੁਤ ਪਰੇਸ਼ਾਨ ਕਰਨ ਵਾਲੇ’ ਹਨ ਅਤੇ ਇਸ ਨਾਲ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਚਿੰਤਾ ਪੈਦਾ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਬੰਧਤ ਵਿਭਾਗ ਅਤੇ ਅਧਿਕਾਰੀ ਕੁੱਝ ਅਮਰੀਕੀ ਗਤੀਵਿਧੀਆਂ ਅਤੇ ਵਿੱਤੀ ਮਦਦ ਬਾਰੇ ਅਮਰੀਕੀ ਪ੍ਰਸ਼ਾਸਨ ਵਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਜਾਂਚ ਕਰ ਰਹੇ ਹਨ। ਜੈਸਵਾਲ ਨੇ ਕਿਹਾ, ‘‘ਅਸੀਂ ਅਮਰੀਕੀ ਪ੍ਰਸ਼ਾਸਨ ਵਲੋਂ ਕੁੱਝ ਅਮਰੀਕੀ ਗਤੀਵਿਧੀਆਂ ਅਤੇ ਵਿੱਤੀ ਸਹਾਇਤਾ ਬਾਰੇ ਦਿਤੀ ਗਈ ਜਾਣਕਾਰੀ ਦੇਖੀ ਹੈ। ਇਹ ਸਪੱਸ਼ਟ ਤੌਰ ’ਤੇ ਬਹੁਤ ਪਰੇਸ਼ਾਨ ਕਰਨ ਵਾਲੇ ਹਨ।’’
ਦੂਜੇ ਪਾਸੇ ਟਰੰਪ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਹੁਣ ਰੱਦ ਕੀਤੀ ਗਈ ਅਮਰੀਕੀ ਵਿੱਤੀ ਸਹਾਇਤਾ ਨੂੰ ਲੈ ਕੇ ਪਿਛਲੇ ਬਾਈਡਨ ਪ੍ਰਸ਼ਾਸਨ ’ਤੇ ਇਕ ਵਾਰੀ ਫਿਰ ਹਮਲਾ ਕੀਤਾ ਹੈ। ਟਰੰਪ ਨੇ ਕਿਹਾ, ‘‘ਭਾਰਤ ’ਚ ਵੋਟਿੰਗ ਫੀ ਸਦੀ ਵਧਾਉਣ ਲਈ 2.1 ਕਰੋੜ ਅਮਰੀਕੀ ਡਾਲਰ ਦਿਤੇ ਗਏ। ਅਸੀਂ ਭਾਰਤ ਦੀ ਵੋਟਿੰਗ ਫ਼ੀ ਸਦੀ ਬਾਰੇ ਚਿੰਤਤ ਕਿਉਂ ਹਾਂ? ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅਸੀਂ ਅਪਣੀ ਵੋਟ ਫ਼ੀ ਸਦੀ ਵਧਾਉਣਾ ਚਾਹੁੰਦੇ ਹਾਂ। ਮੈਂ ਤਾਂ ਕਹਾਂਗਾ ਕਿ ਕਈ ਮਾਮਲਿਆਂ ’ਚ, ਜਦੋਂ ਤੁਸੀਂ ਇਹ ਵੀ ਨਹੀਂ ਜਾਣਦੇ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਰਿਸ਼ਵਤ ਦਿਤੀ ਜਾ ਰਹੀ ਹੈ, ਕਿਉਂਕਿ ਕੋਈ ਨਹੀਂ ਜਾਣਦਾ ਕਿ ਉੱਥੇ ਕੀ ਹੋ ਰਿਹਾ ਹੈ।’’ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਇਹ ਤੀਜੀ ਵਾਰ ਹੈ ਜਦੋਂ ਟਰੰਪ ਨੇ ਅਮਰੀਕੀ ਫੰਡਿੰਗ ’ਤੇ ਸਵਾਲ ਚੁਕੇ ਹਨ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਮਿਆਮੀ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ’ਚ ਵੋਟਿੰਗ ਫੀ ਸਦੀ ਵਧਾਉਣ ਲਈ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਏਡ) ਵਲੋਂ ਦਿਤੀ ਗਈ 2.1 ਕਰੋੜ ਡਾਲਰ ਦੀ ਫੰਡਿੰਗ ’ਤੇ ਸਵਾਲ ਚੁਕੇ ਅਤੇ ਹੈਰਾਨੀ ਜ਼ਾਹਰ ਕੀਤੀ ਕਿ ਕੀ ਇਹ ਚੋਣਾਂ ’ਚ ਕਿਸੇ ਹੋਰ ਨੂੰ ਚੁਣਨ ਦੀ ਕੋਸ਼ਿਸ਼ ਹੈ। ਉਨ੍ਹਾਂ ਦੀ ਟਿਪਣੀ ਐਲਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਵਲੋਂ ਇਹ ਪ੍ਰਗਟਾਵਾ ਕੀਤੇ ਜਾਣ ਮਗਰੋਂ ਆਈ ਹੈ ਕਿ ਅਮਰੀਕੀ ਸੰਸਥਾ ‘ਯੂ.ਐਸ. ਏਡ’ ਨੇ ਭਾਰਤ ’ਚ ਵੋਟਿੰਗ ਫ਼ੀ ਸਦੀ ਵਧਾਉਣ ਲਈ ਚੋਣ ਕਮਿਸ਼ਨ ਨੂੰ 2.1 ਕਰੋੜ ਡਾਲਰ ਦਾ ਯੋਗਦਾਨ ਦਿਤਾ ਹੈ।
ਇਸ ਤੋਂ ਪਹਿਲਾਂ ਜੈਸਵਾਲ ਨੇ ਕਿਹਾ ਸੀ, ‘‘ਇਸ ਨਾਲ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਲੈ ਕੇ ਚਿੰਤਾ ਪੈਦਾ ਹੁੰਦੀ ਹੈ। ਸਬੰਧਤ ਵਿਭਾਗ ਅਤੇ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਪੜਾਅ ’ਤੇ ਕੋਈ ਟਿਪਣੀ ਕਰਨਾ ਜਲਦਬਾਜ਼ੀ ਹੋਵੇਗੀ। ਸਬੰਧਤ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ ਅਤੇ ਉਮੀਦ ਹੈ ਕਿ ਅਸੀਂ ਬਾਅਦ ’ਚ ਨਵੀਂ ਜਾਣਕਾਰੀ ਦੇਣ ਦੇ ਯੋਗ ਹੋਵਾਂਗੇ।’’