
ਨਗਰ ਕੀਰਤਨ ਵਿਚ ਲਗਭਗ 500,000 ਸੰਗਤਾਂ ਨੇ ਹਿੱਸਾ ਲਿਆ।
ਸਰੀ— ਕੈਨੇਡਾ ਦੇ ਸ਼ਹਿਰ ਸਰੀ 'ਚ 21 ਅਪ੍ਰੈਲ 2018 ਨੂੰ ਵਿਸਾਖੀ ਅਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਵਿਚ ਲਗਭਗ 500,000 ਸੰਗਤਾਂ ਨੇ ਹਿੱਸਾ ਲਿਆ। ਸਰੀ ਸ਼ਹਿਰ ਦੇ ਟਾਊਨ ਨਿਊਟਨ ਤੋਂ ਸ਼ਨੀਵਾਰ ਦੀ ਸਵੇਰੇ ਤਕਰੀਬਨ 9.00 ਵਜੇ ਤੋਂ ਪਹਿਲਾਂ ਵਿਸ਼ਾਲ ਨਗਰ ਕੀਰਤਨ ਸ਼ੁਰੂ ਹੋਇਆ ਅਤੇ ਸੰਗਤਾਂ ਭਾਰੀ ਇਕੱਠ ਨਾਲ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਵਧ ਰਹੀਆਂ ਸਨ। ਗੁਰਦੁਆਰਾ ਸਾਹਿਬ ਦਮਸ਼ੇਸ਼ ਦਰਬਾਰ ਵਿਖੇ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ। ਗਲੀਆਂ ਅਤੇ ਸੜਕਾਂ 'ਤੇ ਸੰਗਤਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ। ਕਈ ਪਰਿਵਾਰਾਂ ਵਲੋਂ ਤੰਬੂ ਲਾਏ ਗਏ ਸਨ ਤਾਂ ਕਿ ਸੂਰਜ ਦੀ ਤਪਸ਼ ਤੋਂ ਸੰਗਤ ਨੂੰ ਬਚਾਇਆ ਜਾ ਸਕੇ। ਥਾਂ-ਥਾਂ 'ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਨਗਰ ਕੀਰਤਨ ਦੇ ਪ੍ਰਬੰਧਕ ਮੋਨਿੰਦਰ ਸਿੰਘ ਨੇ ਕਿਹਾ ਕਿ ਮੈਂ ਸੰਗਤਾਂ ਦੇ ਵੱਡੇ ਇਕੱਠ ਨੂੰ ਦੇਖ ਕੇ ਹੈਰਾਨ ਰਹਿ ਗਿਆ। ਸੰਗਤਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ 'ਚ ਵੱਡੀ ਗਿਣਤੀ 'ਚ ਸੈਲਾਨੀ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅਸੀਂ ਇੱਥੇ ਆਉਣ ਵਾਲੇ ਸੈਲਾਨੀ ਦਾ ਦਿਲੋਂ ਸਵਾਗਤ ਕਰਦੇ ਹਾਂ, ਜੋ ਕਿ ਨਗਰ ਕੀਰਤਨ ਦਾ ਹਿੱਸਾ ਬਣੇ। ਹਰ ਇਕ ਲਈ ਥਾਂ-ਥਾਂ 'ਤੇ ਲੰਗਰ ਲਾਏ ਗਏ ਸਨ। ਦੁਪਹਿਰ ਦੇ ਸਮੇਂ ਸੰਗਤਾਂ ਦੀ ਭੀੜ ਵਿਚ ਹੋਰ ਵਾਧਾ ਹੋ ਗਿਆ। ਇਲਾਕੇ ਵਿਚ ਆਵਾਜਾਈ ਬੰਦ ਰਹੀ। ਰਾਇਲ ਕੈਨੇਡੀਅਨ ਪੁਲਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇੱਥੇ ਦੱਸ ਦੇਈਏ ਕਿ 1699 ਨੂੰ ਵਿਸਾਖੀ ਵਾਲੇ ਦਿਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਤੋਂ ਇਲਾਵਾ ਕਿਸਾਨਾਂ ਲਈ ਇਹ ਦਿਨ ਖਾਸ ਹੁੰਦਾ ਹੈ, ਉਹ ਆਪਣੀਆਂ ਪੱਕੀਆਂ ਕਣਕਾਂ ਦੀ ਵਾਡੀ ਕਰਦੇ ਹਨ।