 
          	ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖੋਥੜਾ ਦਾ ਜੰਮਪਲ ਹੈ ਗੁਰਦਿਆਲ
ਮਿਲਾਨ, ਇਟਲੀ (ਦਲਜੀਤ ਮੱਕੜ): ਇਸ ਗੱਲ ਨੂੰ ਫਿਰ ਇੱਕ ਵਾਰ ਪ੍ਰਮਾਣਿਤ ਕਰ ਦਿੱਤਾ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦੇ ਪਿੰਡ ਖੋਥੜਾ ਦੇ ਜੰਮਪਲ ਗੁਰਦਿਆਲ ਬਸਰਾ (28) ਨੇ ਕਿ ਜੇਕਰ ਤੁਹਾਡੇ ਹੌਸਲੇ ਬੁਲੰਦ ਤੇ ਇਰਾਦੇ ਨੇਕ ਹਨ ਤਾਂ ਕਾਮਯਾਬੀ ਨਸੀਬ ਹੀ ਨਹੀਂ ਸਗੋਂ ਤੁਹਾਡੀ ਜਿੰਦਗੀ ਵਿੱਚ ਭੰਗੜੇ ਪਾਉਂਦੀ ਆਉਂਦੀ ਹੈ।
ਗੁਰਦਿਆਲ ਬਸਰਾ ਜਿਸ ਨੇ ਸੰਨ 2012 ਵਿੱਚ ਪਿਤਾ ਸੋਢੀ ਬਸਰਾ ਤੇ ਮਾਤਾ ਕਸ਼ਮੀਰੋ ਬਸਰਾ ਦੀ ਬਦੌਲਤ ਇਟਲੀ ਦੀ ਧਰਤੀ ਉਪੱਰ ਪੈਰ ਧਰਦਿਆਂ ਹੀ ਇਹ ਤੈਅ ਕਰ ਲਿਆ ਸੀ ਕਿ ਜਿੰਦਗੀ ਵਿੱਚ ਕੁਝ ਵੱਖਰਾ ਕਰਨਾ ਹੈ ਜਿਸ ਬਾਬਤ ਮਿਹਨਤ ਚਾਹੇ ਜਿੰਨੀ ਮਰਜ਼ੀ ਕਰਨੀ ਪਵੇ ਪਰ ਦਿੱਖ ਕੁਝ ਵੱਖਰੀ ਹੋਵੇ। ਗੁਰਦਿਆਲ ਬਸਰਾ ਦੀ ਇਸ ਸੋਚ ਨੇ ਉਸ ਨੂੰ ਅੱਜ ਇਟਲੀ ਵਿੱਚ ਸਰਕਾਰੀ ਬਸ ਦਾ ਡਰਾਇਵਰ ਬਣਾ ਦਿੱਤਾ ਹੈ। ਇਸ ਮੁਕਾਮ ਉੱਪਰ ਪਹੁੰਚਾਉਣ ਵਿੱਚ ਗੁਰਦਿਆਲ ਬਸਰਾ ਦੇ ਮਾਪਿਆ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਉਹ ਪਲ-ਪਲ ਸਜਦਾ ਕਰਦਾ ਹੈ।
"ਪੱਤਰਕਾਰ "ਨਾਲ ਦਿਲ ਦੀ ਸਾਂਝ ਪਾਉਂਦਿਆਂ ਗੁਰਦਿਆਲ ਬਸਰਾ ਨੇ ਕਿਹਾ ਕਿ ਇਟਲੀ ਵਿੱਚ ਪਹਿਲਾਂ ਪਹਿਲ ਉਸ ਨੇ ਪੜ੍ਹਾਈ ਪੂਰੀ ਕਰਦਿਆਂ ਫੈਕਟਰੀ ਵਿੱਚ ਮਿਹਨਤ ਮੁਸ਼ੱਕਤ ਕੀਤੀ ਪਰ ਦਿਲ ਦਾ ਸੁਪਨਾ ਸਦਾ ਜਿੰਦਗੀ ਦੀ ਗੱਡੀ ਦੇ ਸਟੇਰਿੰਗ ਵਾਂਗ ਇਟਲੀ ਵਿੱਚ ਬੱਸ ਦਾ ਸਟੇਰਿੰਗ ਫੜ੍ਹਨ ਦਾ ਰਿਹਾ ਜਿਸ ਨੂੰ ਸੱਚ ਸਾਬਤ ਕਰਨ ਲਈ ਉਸ ਨੇ ਦਿਨ-ਰਾਤ ਪੜ੍ਹਾਈ ਕੀਤੀ ਤੇ ਆਖਿਰ ਮਾਪਿਆਂ ਤੇ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਉਸ ਨੇ ਬੱਸ ਚਲਾਉਣ ਦਾ ਲਾਇਸੰਸ ਹਾਸਿਲ ਕਰ ਲਿਆ।

ਅੱਜ-ਕਲ੍ਹ ਗੁਰਦਿਆਲ ਬਸਰਾ ਜਿਹੜਾ ਕਿ ਇਟਲੀ ਦੇ ਸੂਬਾ ਲੰਬਾਰਦੀਆ ਦੇ ਜ਼ਿਲ੍ਹਾ ਬੈਰਗਾਮੋ ਵਿਖੇ ਪਰਿਵਾਰ ਸਮੇਤ ਰਹਿੰਦਾ ਹੈ ਤੇ ਬੱਸ ਦੀ ਸੇਵਾ ਵੀ ਇਸ ਜ਼ਿਲ੍ਹਾ ਵਿੱਚ ਕਰਦਾ ਹੈ ।ਗੁਰਦਿਆਲ ਬਸਰਾ ਦਾ ਇਹ ਮੁਕਾਮ ਜਿੱਥੇ ਮਾਪਿਆਂ ਲਈ ਮਾਣ ਦਾ ਸਵੱਬ ਬਣ ਗਿਆ ਹੈ ਉੱਥੇ ਉਹ ਸਾਰੇ ਭਾਰਤੀ ਭਾਈਚਾਰੇ ਦੀ ਇਟਾਲੀਅਨ ਤੇ ਹੋਰ ਕਮਿਊਨਿਟੀ ਵਿੱਚ ਬੱਲੇ -ਬੱਲੇ ਵੀ ਕਰਵਾ ਰਿਹਾ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ 'ਚ ਵਿਦੇਸ਼ੀਆਂ ਲਈ ਇਟਾਲੀਅਨ ਭਾਸ਼ਾ ਔਖੀ ਹੋਣ ਕਾਰਨ ਬਹੁਤ ਸਾਰੇ ਅਜਿਹੇ ਭਾਰਤੀ ਵੀ ਹਨ ਜਿਹੜੇ ਕਿ ਬੋਲੀ ਨਾ ਆਉਣ ਕਾਰਨ ਬਹੁਤ ਸਾਰੇ ਕਾਮਯਾਬੀ ਦੇ ਮੁਕਾਮ ਹਾਸਿਲ ਕਰਨ ਤੋਂ ਵਾਂਝੈ ਰਹਿ ਜਾਂਦੇ ਹਨ। ਜਿਹਨਾਂ ਵਿੱਚ ਡਰਾਈਵਿੰਗ ਲਾਇਸੰਸ ਵੀ ਇੱਕ ਹੈ, ਜਿਸ ਨੂੰ ਹਾਸਿਲ ਕਰਨ ਲਈ ਵਿਸ਼ੇਸ ਕੋਚਿੰਗ ਸੈਂਟਰ ਵੀ ਭਾਰਤੀਆਂ ਦੀ ਲਾਇਸੰਸ ਕਰਨ ਵਿੱਚ ਮਦਦ ਕਰ ਰਹੇ ਹਨ ਜਿਹੜੇ ਕਿ ਮਸਾਂ ਕਾਰ ਦਾ ਹੀ ਲਾਇਸੰਸ ਕਰ ਪਾਉਂਦੇ ਹਨ। ਅਜਿਹੇ ਵਿੱਚ ਇਟਲੀ ਵਿੱਚ ਕੋਈ ਪੰਜਾਬੀ ਗੱਭਰੂ ਬੱਸ ਦਾ ਡਰਾਇਵਰ ਬਣ ਇਟਲੀ ਦੇ ਸਰਕਾਰੀ ਤਾਣੇ ਵਿੱਚ ਬੁਣਤਾਂ ਬੁਣਦਾ ਨਜ਼ਰੀ ਆਉਂਦਾ ਹੈ ਤਾਂ ਭਾਈਚਾਰਾ ਤਾਂ ਉਂਝ ਹੀ ਬਾਗੋ ਬਾਗ ਹੋ ਜਾਂਦਾ ਹੈ।
ਗੁਰਦਿਆਲ ਬਸਰਾ ਦਾ ਇਟਲੀ ਵਿੱਚ ਰਹਿਣ ਬਸੇਰਾ ਕਰਦੀ ਭਾਰਤੀ ਨੌਜਵਾਨ ਪੀੜ੍ਹੀ ਨੂੰ ਇਹ ਵਿਸ਼ੇਸ ਮਸ਼ਵਰਾ ਹੈ ਕਿ ਸਾਨੂੰ ਸਭ ਨੂੰ ਇਟਲੀ ਵਿੱਚ ਇਟਾਲੀਅਨ ਭਾਸ਼ਾ ਦਾ ਢੁਕਵਾਂ ਗਿਆਨ ਲੈ ਸਰਕਾਰੀ ਕੰਮਾਂ-ਕਾਰਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਜਿਹੇ ਕਦਮ ਇਟਲੀ ਦੇ ਭਾਰਤੀਆਂ ਦਾ ਭੱਵਿਖ ਸੁਖਦ ਅਤੇ ਉਜਵੱਲ ਬਣਾਉਂਦੇ ਹਨ।
 
                     
                
 
	                     
	                     
	                     
	                     
     
     
     
     
     
                     
                     
                     
                     
                    