
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਨਾਲ ਸਬੰਧਤ ਸੀ ਮ੍ਰਿਤਕ
Canada News: ਕੈਨੇਡਾ ਦੇ ਮਹਾਨਗਰ ਵੈਨਕੂਵਰ ਨੇੜੇ ਭਾਰਤੀ ਵਿਦਿਆਰਥੀ ਰਾਹੁਲ ਰਨਵਾ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਉਹ 26 ਸਾਲਾਂ ਦਾ ਸੀ।
ਜਾਣਕਾਰੀ ਮੁਤਾਬਕ ਰਾਹੁਲ ਰਨਵਾ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਨੇੜੇ ਰੈਕ ਬੀਚ ਸਮੁੰਦਰ ਦੇ ਕਿਨਾਰੇ ਪਾਣੀ ਵਿਚ ਨਹਾ ਰਿਹਾ ਸੀ ਕਿ ਅਚਾਨਕ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਸਮੁੰਦਰ ਵਿਚ ਰੁੜ੍ਹ ਗਿਆ। ਮੌਕੇ ਉੱਤੇ ਖੜ੍ਹੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਫ਼ਲ ਨਾ ਹੋ ਸਕੇ ਤੇ ਰੈਕ ਬੀਚ ਤੋਂ ਤਕਰੀਬਨ 18 ਕਿਲੋਮੀਟਰ ਦੂਰ ਸਟੈਨਲੀ ਪਾਰਕ ਨੇੜਿਉ ਥਰਡ ਬੀਚ ਤੋਂ ਰਾਹੁਲ ਦੀ ਲਾਸ਼ ਬਰਾਮਦ ਕੀਤੀ।
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਸ਼ਹਿਰ ਲੋਸਲ ਦਾ ਜੰਮਪਲ ਰਾਹੁਲ ਰਨਵਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਇੱਕ ਸਾਲ ਪਹਿਲਾਂ ਹੀ ਵਿਦਿਆਰਥੀ ਵੀਜ਼ੇ ਉੱਤੇ ਕੈਨੇਡਾ ਆਇਆ ਸੀ ਤੇ ਵੈਨਕੂਵਰ ਕਮਿਊਨਿਟੀ ਕਾਲਜ ਵਿਖੇ ਐਮ.ਬੀ.ਏ ਦੀ ਪੜ੍ਹਾਈ ਕਰ ਰਿਹਾ ਸੀ। ਉਹ ਕਾਲਜ ਦੀ ਵਿਦਿਆਰਥੀ ਕੌਂਸਲ ਦਾ ਮੈਂਬਰ ਵੀ ਸੀ। ਰਾਹੁਲ ਰਨਵਾ ਦੇ ਦੋਸਤਾਂ ਵਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।