
24 ਫਰਵਰੀ ਨੂੰ ਯੂਕ੍ਰੇਨ ਦੇ ਖ਼ਿਲਾਫ਼ ਜੰਗ ਦੇ ਐਲਾਨ ਤੋਂ ਬਾਅਦ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਰੂਸ ਦੇ ਖ਼ਿਲਾਫ਼ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਸੀ
ਮਾਸਕੋ : ਰੂਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਚ 963 ਅਮਰੀਕੀਆਂ 'ਤੇ ਦੇਸ਼ 'ਚ ਦਾਖਲ ਹੋਣ ਨੂੰ ਲੈ ਕੇ ਪਾਬੰਦੀ ਲਗਾਈ ਹੈ। ਇਸ ਸੂਚੀ ਵਿੱਚ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਸੀ.ਆਈ.ਏ. ਮੁਖੀ ਵਿਲੀਅਮ ਬਰਨਜ਼ ਦੇ ਨਾਂ ਵੀ ਸ਼ਾਮਲ ਹਨ। ਦੱਸ ਦਈਏ ਕਿ 24 ਫਰਵਰੀ ਨੂੰ ਯੂਕ੍ਰੇਨ ਦੇ ਖ਼ਿਲਾਫ਼ ਜੰਗ ਦੇ ਐਲਾਨ ਤੋਂ ਬਾਅਦ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਰੂਸ ਦੇ ਖ਼ਿਲਾਫ਼ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਸੀ। ਉਦੋਂ ਤੋਂ ਇਨ੍ਹਾਂ ਦੇਸ਼ਾਂ ਨਾਲ ਰੂਸ ਦਾ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ।
Russian President Vladimir Putin
ਰੂਸ ਦੀ ਸੂਚੀ ਵਿਚ ਅਮਰੀਕੀ ਸੈਨੇਟਰ ਅਤੇ ਪ੍ਰਤੀਨਿਧੀ ਸਭਾ ਦੇ ਮੈਂਬਰ, ਸਾਬਕਾ ਅਤੇ ਮੌਜੂਦਾ ਸਰਕਾਰੀ ਅਧਿਕਾਰੀ, ਪੱਤਰਕਾਰ, ਫ਼ੌਜੀ ਕਰਮਚਾਰੀ, ਵਕੀਲ, ਉੱਥੋਂ ਦੇ ਨਾਗਰਿਕ ਅਤੇ ਕਈ ਕੰਪਨੀਆਂ ਦੇ ਸੀ.ਈ.ਓ. ਵੀ ਸ਼ਾਮਲ ਹਨ। ਸੀ.ਐਨ.ਐਨ. ਮੁਤਾਬਕ ਰੂਸ ਨੇ ਇਸ ਸੂਚੀ ਵਿੱਚ ਕੁਝ ਅਜਿਹੇ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਹਨ ਜੋ ਮਰ ਚੁੱਕੇ ਹਨ। ਇਸ ਸੂਚੀ ਵਿਚ ਅਮਰੀਕਾ ਦੇ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਮਾਰਕ ਮਿੱਲੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ, ਕੇਂਦਰੀ ਖ਼ੁਫ਼ੀਆ ਏਜੰਸੀ ਦੇ ਡਾਇਰੈਕਟਰ ਵਿਲੀਅਮ ਬਰਨਜ਼ ਅਤੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਸ਼ਾਮਲ ਹਨ।
Joe Biden
ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਕੈਨੇਡਾ ਨੂੰ ਲੈ ਕੇ ਨਵੀਂ ਸੂਚੀ ਵੀ ਜਾਰੀ ਕੀਤੀ ਗਈ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਨਵੀਂ ਸੂਚੀ ਵਿਚ 26 ਹੋਰ ਕੈਨੇਡੀਅਨ ਲੋਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਰੂਸ ਦੀ ਯਾਤਰਾ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇਸ ਸੂਚੀ ਵਿਚ ਰੱਖਿਆ ਮੁਖੀ, ਰੱਖਿਆ ਉਦਯੋਗ ਦੇ ਅਧਿਕਾਰੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੇਗੋਇਰ ਟਰੂਡੋ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਨੇ ਮੰਗਲਵਾਰ ਨੂੰ ਇਕ ਬਿੱਲ ਪੇਸ਼ ਕੀਤਾ ਸੀ, ਜਿਸ ਨਾਲ ਪੁਤਿਨ ਅਤੇ ਉਨ੍ਹਾਂ ਦੀ ਸਰਕਾਰ ਅਤੇ ਫ਼ੌਜ ਦੇ ਲਗਭਗ 1,000 ਮੈਂਬਰਾਂ ਦੀ ਦੇਸ਼ ਦੀ ਯਾਤਰਾ 'ਤੇ ਪਾਬੰਦੀ ਲਗਾਈ ਜਾਵੇਗੀ।