
ਕਰੀਬ 20 ਬੱਚਿਆਂ ਦੀ ਮੌਤ, ਕਈ ਜ਼ਖ਼ਮੀ
ਗੁਆਨਾ: ਦਖਣੀ ਅਮਰੀਕੀ ਦੇਸ਼ ਗੁਆਨਾ 'ਚ ਐਤਵਾਰ ਦੇਰ ਰਾਤ ਇਕ ਸਕੂਲ ਦੇ ਗਰਲਜ਼ ਹੋਸਟਲ 'ਚ ਅੱਗ ਲੱਗ ਗਈ। ਨਿਊਜ਼ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿਚ 20 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਵਧ ਸਕਦਾ ਹੈ। ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।
ਸਥਾਨਕ ਮੀਡੀਆ ਮੁਤਾਬਕ ਇਹ ਅੱਗ ਮਹਿਦਾ ਸੈਕੰਡਰੀ ਸਕੂਲ ਦੇ ਹੋਸਟਲ ਵਿਚ ਲੱਗੀ। ਹਾਦਸੇ ਸਮੇਂ ਵਿਦਿਆਰਥਣਾਂ ਸੌਂ ਰਹੀਆਂ ਸਨ। ਮੌਕੇ 'ਤੇ ਮੌਜੂਦ ਅਧਿਕਾਰੀਆਂ ਮੁਤਾਬਕ ਅਜੇ ਵੀ ਕਈ ਵਿਦਿਆਰਥਣਾਂ ਅੰਦਰ ਫਸੀਆਂ ਹੋਈਆਂ ਹਨ।
ਹਾਦਸੇ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ 'ਤੇ ਮੌਜੂਦ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬੰਬੇ ਹਾਈ ਕੋਰਟ ਨੇ ਸਮੀਰ ਵਾਨਖੇੜੇ ਨੂੰ ਦਿਤੀ ਅੰਤ੍ਰਿਮ ਰਾਹਤ 8 ਜੂਨ ਤਕ ਵਧਾਈ
ਗੁਆਨਾ ਦੇ ਰਾਸ਼ਟਰਪਤੀ ਇਰਫ਼ਾਨ ਅਲੀ ਨੇ ਇਸ ਨੂੰ ਭਿਆਨਕ ਅਤੇ ਦਰਦਨਾਕ ਹਾਦਸਾ ਕਿਹਾ ਹੈ। ਉਨ੍ਹਾਂ ਨੇ ਕਿਹਾ- ਖ਼ਰਾਬ ਮੌਸਮ ਕਾਰਨ ਬਚਾਅ ਕਾਰਜ 'ਚ ਦਿੱਕਤਾਂ ਆ ਰਹੀਆਂ ਹਨ। ਅਸੀਂ ਜਲਦੀ ਤੋਂ ਜਲਦੀ ਹੋਸਟਲ 'ਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਜਨਵਰੀ 2023 ਵਿਚ, ਜਾਰਜ ਟਾਊਨ ਸ਼ਹਿਰ ਦੇ ਕ੍ਰਾਈਸਟ ਚਰਚ ਸਕੂਲ ਵਿਚ ਅੱਗ ਲੱਗ ਗਈ ਸੀ। ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ 'ਚ 24 ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਸਕੂਲ ਪੂਰੀ ਤਰ੍ਹਾਂ ਤਬਾਹ ਹੋ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਿਸੇ ਨੇ ਜਾਣਬੁੱਝ ਕੇ ਲਗਾਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।