
ਜਜ਼ਬਾ : ਦੇਸ਼ ਭਗਤੀ-ਖੇਡਾਂ ਤੇ ਵਿਰਸੇ ਦਾ
ਔਕਲੈਂਡ 21 ਜੂਨ (ਹਰਜਿੰਦਰ ਸਿੰਘ ਬਸਿਆਲਾ) : ਜਜ਼ਬਾ ਹੋਵੇ ਤਾਂ ਦੇਸ਼-ਵਿਦੇਸ਼ ਦਾ ਫਰਕ ਨਹੀਂ ਪੈਂਦਾ ਇਹ ਖ਼ੁਦ-ਬਖ਼ੁਦ ਸਮਾਜਕ ਕਾਰਜਾਂ ਲਈ ਅਪਣੇ ਆਪ ਨੂੰ ਅੱਗੇ ਕਰ ਦਿੰਦਾ ਹੈ। ਨਿਊਜ਼ੀਲੈਂਡ 'ਚ ਵੀ ਅਨੇਕਾਂ ਅਜਿਹੇ ਟ੍ਰਸਟ ਅਤੇ ਸੰਸਥਾਵਾਂ ਹਨ ਜਿਹੜੇ ਦੇਸ਼-ਭਗਤੀ, ਖੇਡਾਂ ਅਤੇ ਵਿਰਸੇ ਨਾਲ ਨਵੀਂ-ਪੁਰਾਣੀ ਪੀੜ੍ਹੀ ਨੂੰ ਜੋੜਨ ਦਾ ਕੰਮ ਕਰਦੀਆਂ ਹਨ। ਵਾਇਕਾਟੋ ਸ਼ਹੀਦੇ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੀ ਅਪਣੀ ਚਾਲੇ ਵਧੀਆ ਕਾਰਗੁਜ਼ਾਰੀ ਵਿਖਾ ਰਿਹਾ ਹੈ।
File
ਅੱਜ ਟ੍ਰਸਟ ਦਾ ਸਲਾਨਾ ਇਜਲਾਸ ਸੰਪਨ ਹੋਇਆ ਜਿਸ ਵਿਚ ਅਪ੍ਰੈਲ 2019 ਤੋਂ ਮਾਰਚ 2020 ਤਕ ਦੇ ਵਿਤੀ ਸਾਲ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਕੀਤਾ ਗਿਆ। ਪਿਛਲੇ ਸਾਲ ਦੇ ਵਿਚ ਕੀਤੇ ਗਏ ਕਾਰਜ ਜਿਨ੍ਹਾਂ ਵਿਚ ਦਸਤਾਰ ਸਿਖਲਾਈ ਕੈਂਪ, ਸਿਟੀ ਕੌਂਸਲ ਨਾਲ ਮਿਲਕੇ ਬੂਟੇ ਲਾਉਣੇ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਮਾਗਮ, ਦੋ ਵਾਰ ਖ਼ੂਨਦਾਨ ਕੈਂਪ, ਗਿੱਧੇ-ਭੰਗੜੇ ਦੀਆ ਫ੍ਰੀ ਕਲਾਸਾਂ ਹਰ ਬੁਧਵਾਰ, ਬੱਚਿਆ ਨੂੰ ਫ੍ਰੀ ਹਾਕੀ ਦੀ ਟਰੇਨਿੰਗ ਹਰ ਹਫ਼ਤੇ ਪੰਆਬ ਕਲੱਬ ਨਾਲ ਮਿਲਕੇ, ਪਹਿਲਾ ਕ੍ਰਿਕਟ ਅਤੇ ਬੱਚਿਆਂ ਦਾ ਹਾਕੀ ਟੂਰਨਾਮੈਂਟ, ਚੌਥਾ ਫੈਮਲੀ ਸਪੋਰਟਸ ਟੂਰਨਾਮੈਂਟ, ਇੰਡੀਆ ਵਿਚ ਧਾਰਾ 371 ਖ਼ਤਮ ਕਰਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਹੋਰ ਅਨੇਕਾਂ ਕਾਰਦਾਂ ਦੀ ਸਫਲਤਾ ਉਤੇ ਸਾਰੇ ਟਰੱਸਟੀ ਮੈਂਬਰਜ ਵਲੋਂ ਤਸੱਲੀ ਦਾ ਪ੍ਰਗਟਾਅ ਕੀਤਾ ਗਿਆ।
ਮੈਂਬਰਾਂ ਦੇ ਸਹਿਯੋਗ ਨਾਲ ਸੁਖਜੀਤ ਰੱਤੂ, ਜਰਨੈਲ ਸਿੰਘ ਰਾਹੋਂ ਅਤੇ ਰਵਿੰਦਰ ਸਿੰਘ ਪੁਆਰ ਨੇ ਇਨ੍ਹਾਂ ਕਾਰਜਾਂ ਵਿਚ ਵਧੀਆ ਭੂਮਿਕਾ ਨਿਭਾਈ ਸੀ, ਜਿਸ ਕਰ ਕੇ ਟ੍ਰਸਟ ਨੇ ਇਨ੍ਹਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਪਰੰਤ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕਰ ਲਈ ਗਈ ਜਿਸ ਦੇ ਵਿਚ ਸ. ਜਰੈਨਲ ਸਿੰਘ ਰਾਹੋਂ ਨੂੰ ਪ੍ਰਧਾਨ, ਕਮਲਜੀਤ ਕੋਰ ਸੰਘੇੜਾ ਉਪ ਪ੍ਰਧਾਨ, ਵਰਿੰਦਰ ਸਿੰਘ ਸਿੱਧੂ ਸਕੱਤਰ, ਅਤੇ ਗੁਰਵਿੰਦਰ ਸਿੰਘ ਬੁੱਟਰ ਖਜ਼ਾਨਚੀ ਨੂੰ ਚੁਣਿਆ ਗਿਆ। ਇਸ ਮੌਕੇ ਟਰੱਸਟ ਮੈਂਬਰ ਰਵਿੰਦਰ ਸਿੰਘ ਪੁਆਰ,ਹਰਪ੍ਰੀਤ ਕੋਰ,ਖੁਸ਼ਮੀਤ ਕੋਰ ਸਿੱਧੂ, ਸੁਖਜੀਤ ਰੱਤੂ, ਗੁਰਦੀਪ ਕੋਰ, ਰਾਜਵੀਰ ਸਿੰਘ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਲਾਕ ਡਾਊਨ ਦੌਰਾਨ ਵੀ ਟ੍ਰਸਟ ਵਲੋਂ ਲੋੜਵੰਦਾਂ ਨੂੰ 1800 ਫ੍ਰੀ ਫੂਡ ਬੈਗ ਵੰਡੇ ਗਏ ਸਨ।