
ਨਿਲਾਮੀ ਤੋਂ ਮਿਲੀ 103.5 ਮਿਲੀਅਨ ਡਾਲਰ ਦੀ ਰਾਸ਼ੀ ਦਾਨ ਕਰਨ ਦਾ ਕੀਤਾ ਐਲਾਨ
ਨਿਊਯਾਰਕ : ਰੂਸੀ ਪੱਤਰਕਾਰ ਦਮਿਤਰੀ ਮੁਰਾਤੋਵ ਨੇ ਸ਼ਾਂਤੀ ਲਈ ਮਿਲੇ ਆਪਣੇ ਨੋਬਲ ਪੁਰਸਕਾਰ ਦੀ ਸੋਮਵਾਰ ਰਾਤ ਨੂੰ ਨਿਲਾਮੀ ਕੀਤੀ। ਮੁਰਾਤੋਵ ਨਿਲਾਮੀ ਤੋਂ ਹੋਣ ਵਾਲੀ ਕਮਾਈ ਸਿੱਧਾ ਯੂਨੀਸੇਫ ਨੂੰ ਦੇਣਗੇ ਤਾਂ ਜੋ ਯੂਕ੍ਰੇਨ ਵਿਚ ਜੰਗ ਕਾਰਨ ਬੇਘਰ ਹੋਏ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਅਕਤੂਬਰ 2021 ਵਿਚ ਸੋਨ ਤਮਗ਼ੇ ਨਾਲ ਸਨਮਾਨਿਤ ਮੁਰਾਤੋਵ ਨੇ ਸੁਤੰਤਰ ਰੂਸੀ ਅਖ਼ਬਾਰ ਨੋਵਾਯਾ ਗਜ਼ਟ ਦੀ ਸਥਾਪਨਾ ਕੀਤੀ ਅਤੇ ਉਹ ਮਾਰਚ ਵਿਚ ਅਖ਼ਬਾਰ ਬੰਦ ਹੋਣ ਦੇ ਸਮੇਂ ਇਸ ਦੇ ਮੁੱਖ ਸੰਪਾਦਕ ਸਨ।
Russian journalist’s Nobel medal sells for record $103.5 million for Ukraine kids
ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਮੱਦੇਨਜ਼ਰ ਜਨਤਕ ਅਸੰਤੋਸ਼ ਨੂੰ ਦਬਾਉਣ ਅਤੇ ਪੱਤਰਕਾਰਾਂ ’ਤੇ ਰੂਸੀ ਕਾਰਵਾਈਆਂ ਕਾਰਨ ਇਸ ਅਖ਼ਬਾਰ ਨੂੰ ਬੰਦ ਕਰ ਦਿਤਾ ਗਿਆ ਸੀ। ਮੁਰਾਤੋਵ ਨੇ ਪੁਰਸਕਾਰ ਦੀ ਨਿਲਾਮੀ ਤੋਂ ਮਿਲੀ 103.5 ਮਿਲੀਅਨ ਡਾਲਰ ਦੀ ਰਾਸ਼ੀ ਇਕ ਚੈਰਿਟੀ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾਨ ਦਾ ਉਦੇਸ਼ ‘‘ਸ਼ਰਨਾਰਥੀ ਬੱਚਿਆਂ ਨੂੰ ਭਵਿੱਖ ਲਈ ਇਕ ਮੌਕਾ ਦੇਣਾ” ਹੈ। ਮੁਰਾਤੋਵ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਹ ਖ਼ਾਸ ਤੌਰ ’ਤੇ ਉਨ੍ਹਾਂ ਬੱਚਿਆਂ ਲਈ ਚਿੰਤਤ ਹਨ, ਜੋ ਯੂਕ੍ਰੇਨ ਵਿਚ ਸੰਘਰਸ਼ ਕਾਰਨ ਅਨਾਥ ਹੋ ਗਏ ਹਨ।
Russian journalist’s Nobel medal sells for record $103.5 million for Ukraine kids
ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਦਾ ਭਵਿੱਖ ਵਾਪਸ ਦੇਣਾ ਚਾਹੁੰਦੇ ਹਾਂ।” ਹੈਰੀਟੇਜ ਆਕਸ਼ਨ ਦੁਆਰਾ ਜਾਰੀ ਕੀਤੀ ਗਈ ਇਕ ਵੀਡੀਉ ਵਿਚ ਮੁਰਾਤੋਵ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਰੂਸ ਵਿਰੁਧ ਲਾਈਆਂ ਗਈਆਂ ਅੰਤਰਰਾਸ਼ਟਰੀ ਪਾਬੰਦੀਆਂ ਦੁਰਲੱਭ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਅਤੇ ਬੋਨ ਮੈਰੋ ਟ੍ਰਾਂਸਪਲਾਂਟ ਵਰਗੀਆਂ ਮਾਨਵਤਾਵਾਦੀ ਸਹਾਇਤਾ ਨੂੰ ਲੋੜਵੰਦਾਂ ਤਕ ਪਹੁੰਚਣ ਤੋਂ ਰੋਕ ਨਹੀਂ ਸਕਦੀਆਂ। ਨਿਲਾਮੀ ਪ੍ਰਕਿਰਿਆ ਦਾ ਸੰਚਾਲਨ ਕਰਨ ਵਾਲੀ ਹੈਰੀਟੇਜ ਆਕਸ਼ਨ ਇਸ ਤੋਂ ਮਿਲਣ ਵਾਲੀ ਰਾਸ਼ੀ ਵਿਚੋਂ ਕੋਈ ਹਿੱਸਾ ਨਹੀਂ ਲੈ ਰਹੀ ਹੈ।
ਮੁਰਾਤੋਵ ਨੂੰ ਪਿਛਲੇ ਸਾਲ ਫਿਲੀਪੀਨ ਦੀ ਪੱਤਰਕਾਰ ਮਾਰੀਆ ਰੇਸਾ ਨਾਲ ਸਾਂਝੇ ਤੌਰ ’ਤੇ ਨੋਬਲ ਸ਼ਾਂਤੀ ਪੁਰਸਕਾਰ ਦਿਤਾ ਗਿਆ ਸੀ। ਉਨ੍ਹਾਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੀਤੇ ਗਏ ਸੰਘਰਸ਼ਾਂ ਲਈ ਸਨਮਾਨਿਤ ਕੀਤਾ ਗਿਆ। ਮੁਰਾਤੋਵ 2014 ਵਿਚ ਰੂਸ ਦੁਆਰਾ ਕ੍ਰੀਮੀਆ ’ਤੇ ਕਬਜ਼ਾ ਕਰਨ ਅਤੇ ਯੂਕ੍ਰੇਨ ਵਿਰੁਧ ਜੰਗ ਛੇੜਨ ਦੇ ਸਖ਼ਤ ਆਲੋਚਕ ਰਹੇ ਹਨ।