ਚਾਰ ਫਿਰੋਜ਼ਪੁਰ ਦੇ ਵਸਨੀਕ, ਇਕ-ਇਕ ਜਲੰਧਰ ਅਤੇ ਲੁਧਿਆਣਾ ਦੇ ਵਾਸੀ
ਇਸਲਾਮਾਬਾਦ: ਪਾਕਿਸਤਾਨੀ ਰੇਂਜਰਾਂ ਨੇ 29 ਜੁਲਾਈ ਤੋਂ 3 ਅਗੱਸਤ ਦਰਮਿਆਨ ਦੇਸ਼ ਵਿਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਛੇ ਭਾਰਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ (ਆਈ.ਐਸ.ਪੀ.ਆਰ.) ਨੇ ਇਕ ਬਿਆਨ ’ਚ ਕਿਹਾ, ‘‘ਭਾਰਤ ਨਾਲ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਨੇ 29 ਜੁਲਾਈ ਤੋਂ 3 ਅਗੱਸਤ ਤਕ ਪਾਕਿਸਤਾਨੀ ਖੇਤਰ ਦੇ ਅੰਦਰੋਂ ਛੇ ਭਾਰਤੀ ਨਾਗਰਿਕਾਂ ਨੂੰ ਫੜਿਆ ਹੈ।’’
ਪਾਕਿਸਤਾਨੀ ਫੌਜ ਦੇ ਇਸ ਦਾਅਵੇ ’ਤੇ ਭਾਰਤੀ ਅਧਿਕਾਰੀਆਂ ਵਲੋਂ ਤੁਰਤ ਕੋਈ ਟਿਪਣੀ ਨਹੀਂ ਕੀਤੀ ਗਈ।
ਆਈ.ਐਸ.ਪੀ.ਆਰ. ਨੇ ਇਕ ਬਿਆਨ ’ਚ ਕਿਹਾ ਕਿ ਫੜੇ ਗਏ ਵਿਅਕਤੀ ਤਸਕਰ ਅਤੇ ਅਪਰਾਧੀ ਸਨ ਅਤੇ ਪਾਕਿਸਤਾਨ ’ਚ ‘ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ ਬਾਰੂਦ’ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਫੜ ਲਿਆ ਸੀ। ‘ਰੇਂਜਰਸ’ ਭਾਰਤ ਨਾਲ ਲਗਦੀ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਅਰਧ ਸੈਨਿਕ ਬਲ ਹਨ।
ਬਿਆਨ ’ਚ ਕਿਹਾ ਗਿਆ ਹੈ, ‘‘ਇਨ੍ਹਾਂ ਭਾਰਤੀ ਤਸਕਰਾਂ ਨਾਲ ਪਾਕਿਸਤਾਨ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਅਤੇ ਨਾਪਾਕ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਦੇਸ਼ ਦੇ ਕਾਨੂੰਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।’’
ਉਨ੍ਹਾਂ ਦਸਿਆ ਕਿ ਇਨ੍ਹਾਂ ’ਚੋਂ ਚਾਰ ਭਾਰਤੀ ਫਿਰੋਜ਼ਪੁਰ ਦੇ ਵਸਨੀਕ ਗੁਰਮੀਜ਼, ਸ਼ਿੰਦਰ ਸਿੰਘ, ਜੁਗਿੰਦਰ ਸਿੰਘ ਅਤੇ ਵਿਸ਼ਾਲ ਜਦਕਿ ਰਤਨਪਾਲ ਸਿੰਘ ਜਲੰਧਰ ਅਤੇ ਗੁਰਵਿੰਦਰ ਸਿੰਘ ਲੁਧਿਆਣਾ ਦੇ ਵਾਸੀ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਸੁਰੱਖਿਆ ਬਲ ਲਗਾਤਾਰ ਚੌਕਸ ਰਹਿਣਗੇ।