
ਦੀਵਾਲੀ ਇੱਕ ਵਿਸ਼ਵਵਿਆਪੀ ਤਿਉਹਾਰ ਹੈ- ਕਮਲਾ ਹੈਰਿਸ
ਦਿੱਗਜ਼ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਵਾਸ਼ਿੰਗਟਨ : ਅਮਰੀਕਾ ਵਿੱਚ ਵੀ ਦੀਵਾਲੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਭਾਰਤੀਆਂ ਨਾਲ ਆਪਣੀ ਰਿਹਾਇਸ਼ 'ਤੇ ਜਸ਼ਨ ਮਨਾਇਆ। ਕਮਲਾ ਹੈਰਿਸ ਨੇ 100 ਤੋਂ ਵੱਧ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਸਰਕਾਰੀ ਰਿਹਾਇਸ਼ 'ਦ ਨੇਵਲ ਆਬਜ਼ਰਵੇਟਰੀ' ਵਿੱਚ ਬੁਲਾਇਆ। ਇਸ ਮੌਕੇ ਬੋਲਦਿਆਂ ਹੈਰਿਸ ਨੇ ਕਿਹਾ ਕਿ ਦੀਵਾਲੀ ਇੱਕ ਵਿਸ਼ਵਵਿਆਪੀ ਤਿਉਹਾਰ ਅਤੇ ਵਿਚਾਰ ਹੈ, ਇਹ ਸੱਭਿਆਚਾਰਾਂ ਤੋਂ ਪਰੇ ਹੈ।
ਦੀਵਾਲੀ ਦੇ ਮੌਕੇ 'ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਸਰਕਾਰੀ ਰਿਹਾਇਸ਼ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਦੀਵਿਆਂ ਨਾਲ ਸਜਾਇਆ ਗਿਆ। ਮਹਿਮਾਨਾਂ ਨੂੰ ਪਾਣੀਪੁਰੀ ਤੋਂ ਇਲਾਵਾ ਰਵਾਇਤੀ ਮਿਠਾਈਆਂ ਅਤੇ ਕਈ ਤਰ੍ਹਾਂ ਦੇ ਭਾਰਤੀ ਪਕਵਾਨ ਪਰੋਸੇ ਗਏ। ਇਸ ਮੌਕੇ ਆਪਣੇ ਸੰਖੇਪ ਭਾਸ਼ਣ ਵਿੱਚ ਹੈਰਿਸ ਨੇ ਕਿਹਾ ਕਿ ਇਹ ਹਨ੍ਹੇਰੇ ਉੱਤੇ ਰੌਸ਼ਨੀ ਦੀ ਜਿੱਤ ਤੋਂ ਪ੍ਰੇਰਿਤ ਹੋਣ ਅਤੇ ਹਨ੍ਹੇਰੇ ਦੇ ਪਲਾਂ ਵਿੱਚ ਰੌਸ਼ਨੀ ਫੈਲਾਉਣ ਦਾ ਤਿਉਹਾਰ ਹੈ।
ਚੇਨਈ ਵਿੱਚ ਆਪਣੇ ਦਾਦਾ-ਦਾਦੀ ਨਾਲ ਦੀਵਾਲੀ ਮਨਾਉਣ ਦੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਦੀਵਾਲੀ ਇੱਕ ਰਿਵਾਜ਼ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ 'ਤੇ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਦੇਸ਼ ਅਤੇ ਦੁਨੀਆ 'ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਅਜਿਹੇ ਮੌਕਿਆਂ 'ਤੇ, ਦੀਵਾਲੀ ਦਾ ਤਿਉਹਾਰ ਹਨ੍ਹੇਰੇ ਦਿਨਾਂ ਵਿੱਚ ਸਾਡੇ ਲਈ ਰੌਸ਼ਨੀ ਲਿਆਉਣ ਦੀ ਸਾਡੀ ਸ਼ਕਤੀ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਹੈਰਿਸ ਅਤੇ ਸੈਕਿੰਡ ਜੈਂਟਲਮੈਨ ਡਗਲਸ ਇਮਹੌਫ (ਹੈਰਿਸ ਦੇ ਪਤੀ) ਨੇ ਸਮਾਗਮ ਵਿੱਚ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਹਿਮਾਨਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਬਾਇਡਨ-ਹੈਰਿਸ ਪ੍ਰਸ਼ਾਸਨ ਦੇ ਕਈ ਭਾਰਤੀ-ਅਮਰੀਕੀ ਮੈਂਬਰ, ਜਿਨ੍ਹਾਂ ਵਿੱਚ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ, ਨੀਰਾ ਟੰਡਨ, ਰਾਸ਼ਟਰਪਤੀ ਦੇ ਵਿਸ਼ੇਸ਼ ਸਲਾਹਕਾਰ ਅਤੇ ਉਨ੍ਹਾਂ ਦੇ ਭਾਸ਼ਣਕਾਰ ਵਿਨੈ ਰੈੱਡੀ ਸ਼ਾਮਲ ਸਨ। ਭਾਰਤ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚ ਵਰਮਾ ਨੇ ਵੀ ਸ਼ਿਰਕਤ ਕੀਤੀ। ਵਿਦਾਇਗੀ ਸਮੇਂ ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਮੋਮਬੱਤੀਆਂ ਦਿੱਤੀਆਂ ਗਈਆਂ। ਉਨ੍ਹਾਂ 'ਤੇ ਉਪ ਰਾਸ਼ਟਰਪਤੀ ਹੈਰਿਸ ਦੇ ਦਫਤਰ ਦਾ ਚਿੰਨ੍ਹ ਲਗਾਇਆ ਹੋਇਆ ਸੀ।