
ਇਟਲੀ ਵਿੱਚ 1945 ਤੋਂ ਬਾਅਦ ਹੁਣ ਤੱਕ 77 ਸਾਲਾਂ ਵਿੱਚ 70ਵੀਂ ਵਾਰ ਸਰਕਾਰ ਬਦਲੀ ਹੈ
ਇਟਲੀ: ਸ਼ੁੱਕਰਵਾਰ ਨੂੰ ਜਾਰਜੀਆ ਮੇਲੋਨੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਦੱਸ ਦੇਈਏ ਕਿ ਮੇਲੋਨੀ ਨੇ ਨਵੀਂ ਗਠਜੋੜ ਸਰਕਾਰ ਬਣਾ ਲਈ ਹੈ। ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਸੱਜੇ-ਪੱਖੀ ਗੱਠਜੋੜ ਦੀ ਸਰਕਾਰ ਬਣੀ ਹੈ। ਇਟਲੀ ਵਿੱਚ 1945 ਤੋਂ ਬਾਅਦ ਹੁਣ ਤੱਕ 77 ਸਾਲਾਂ ਵਿੱਚ 70ਵੀਂ ਵਾਰ ਸਰਕਾਰ ਬਦਲੀ ਹੈ। ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ।
ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੇਲੋਨੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸ਼ਨੀਵਾਰ ਸਹੁੰ ਚੁਕਾਈ ਜਾਵੇਗੀ। ਮੇਲੋਨੀ ਦੀ ਨਵ-ਫ਼ਾਸੀਵਾਦੀ ਪਾਰਟੀ 'ਬ੍ਰਦਰਜ਼ ਆਫ਼ ਇਟਲੀ' ਪਿਛਲੇ ਮਹੀਨੇ 25 ਸਤੰਬਰ ਨੂੰ ਇਟਲੀ ਦੀਆਂ ਆਮ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ।
ਇਸ ਤੋਂ ਪਹਿਲਾਂ ਪਾਰਟੀ ਦੀ ਮੀਟਿੰਗ ਤੋਂ ਬਾਅਦ 45 ਸਾਲਾ ਮੇਲੋਨੀ ਨੂੰ ਅਗਲਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਮੇਲੋਨੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਇਟਲੀ ਦੇ ਫ਼ਾਸੀਵਾਦੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਦਰਅਸਲ, ਮੇਲੋਨੀ ਆਪਣੇ-ਆਪ ਨੂੰ ਮੁਸੋਲਿਨੀ ਸਮਰਥਕ ਮੰਨਦੀ ਹੈ। ਮੇਲੋਨੀ ਇਟਲੀ ਦੇ ਲੋਕਾਂ 'ਚ ਉਦੋਂ ਚਰਚਿਤ ਹੋਈ, ਜਦੋਂ ਉਸ ਦੀ ਪਾਰਟੀ ਦਰਾਗੀ ਦੀ ਅਗਵਾਈ ਵਾਲੇ ਰਾਸ਼ਟਰੀ ਏਕਤਾ ਗੱਠਜੋੜ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕਰਦਿਆਂ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ।