
ਵਿਸਫੋਟਕ ਲਗਾਉਣ ਦੀ ਤਿਆਰੀ ਕਰ ਰਹੇ ਸਨ ਇਜ਼ਰਾਈਲੀ ਫ਼ੌਜੀ, ਹਮਾਸ ਨੇ ਦਾਗਿਆ ਰਾਕੇਟ
ਯੇਰੂਸ਼ਲਮ: ਗਾਜ਼ਾ ’ਚ ਹੋਏ ਸੱਭ ਤੋਂ ਭਿਆਨਕ ਹਮਲੇ ’ਚ ਇਜ਼ਰਾਈਲ ਦੀ ਫੌਜ ਦੇ 21 ਫੌਜੀ ਮਾਰੇ ਗਏ ਹਨ। ਚ ਇਜ਼ਰਾਈਲ ਦੀ ਫੌਜ ਨੇ ਕਿਹਾ ਹੈ ਕਿ ਮੱਧ ਗਾਜ਼ਾ ’ਚ ਹਮਾਸ ਵਿਰੁਧ ਜੰਗ ਸ਼ੁਰੂ ਹੋਣ ਤੋਂ ਬਾਅਦ ਫੌਜ ਦਾ ਇਹ ਸੱਭ ਤੋਂ ਵੱਡਾ ਨੁਕਸਾਨ ਹੈ।
ਫੌਜ ਦੇ ਮੁੱਖ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਫੌਜੀ ਸੋਮਵਾਰ ਨੂੰ ਮੱਧ ਗਾਜ਼ਾ ’ਚ ਦੋ ਘਰਾਂ ਨੂੰ ਤਬਾਹ ਕਰਨ ਲਈ ਵਿਸਫੋਟਕ ਲਗਾਉਣ ਦੀ ਤਿਆਰੀ ਕਰ ਰਹੇ ਸਨ, ਜਦੋਂ ਇਕ ਅਤਿਵਾਦੀ ਨੇ ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਸੁੱਟਿਆ। ਇਸ ਨਾਲ ਵਿਸਫੋਟਕ ’ਚ ਧਮਾਕਾ ਹੋਇਆ ਅਤੇ ਇਮਾਰਤਾਂ ਢਹਿ ਗਈਆਂ, ਜਿਸ ਨਾਲ ਸੈਨਿਕ ਮਲਬੇ ਹੇਠਾਂ ਦੱਬ ਕੇ ਮਰ ਗਏ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ 21 ਫੌਜੀਆਂ ਦੀ ਮੌਤ ’ਤੇ ਸੋਗ ਜ਼ਾਹਰ ਕੀਤਾ ਹੈ ਅਤੇ ਕਿਹਾ ਹੈ ਕਿ ਫੌਜ ਜਿੱਤ ਪੂਰੀ ਹੋਣ ਤਕ ਲੜਦੀ ਰਹੇਗੀ। ਨੇਤਨਯਾਹੂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸੋਮਵਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਸੱਭ ਤੋਂ ਮੁਸ਼ਕਲ ਦਿਨਾਂ ਵਿਚੋਂ ਇਕ ਸੀ।
ਉਨ੍ਹਾਂ ਕਿਹਾ, ‘‘ਫੌਜ ਇਸ ਹਮਲੇ ਦੀ ਜਾਂਚ ਸ਼ੁਰੂ ਕਰੇਗੀ, ਜਿਸ ਵਿਚ ਇਕ ਅਤਿਵਾਦੀ ਨੇ ਇਕ ਟੈਂਕ ’ਤੇ ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਸੁੱਟਿਆ, ਜਿਸ ਨਾਲ ਧਮਾਕਾ ਹੋਇਆ ਅਤੇ ਧਮਾਕੇ ਨਾਲ ਤਬਾਹ ਹੋਈਆਂ ਦੋ ਇਮਾਰਤਾਂ ਦੇ ਮਲਬੇ ਹੇਠ ਫੌਜੀ ਦੱਬ ਗਏ।’’ਨੇਤਨਯਾਹੂ ਨੇ ਮੰਗਲਵਾਰ ਨੂੰ ਟਵੀਟ ਕੀਤਾ, ‘‘ਅਪਣੇ ਨਾਇਕਾਂ ਦੇ ਨਾਮ ’ਤੇ ਅਤੇ ਅਪਣੀ ਜਾਨ ਦੀ ਰੱਖਿਆ ਲਈ ਅਸੀਂ ਪੂਰੀ ਜਿੱਤ ਤਕ ਲੜਨਾ ਬੰਦ ਨਹੀਂ ਕਰਾਂਗੇ।’’
ਸੁਰੱਖਿਆ ਬਲਾਂ ਨੇ ਦਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਦੀ ਘੇਰਾਬੰਦੀ ਕੀਤੀ: ਇਜ਼ਰਾਈਲੀ ਫੌਜ
ਇਜ਼ਰਾਇਲੀ ਫੌਜ ਨੇ ਦਖਣੀ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਨੂੰ ਘੇਰ ਲਿਆ ਹੈ। ਫੌਜ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਇਹ ਐਲਾਨ ਕੀਤਾ। ਖੇਤਰ ਦਾ ਦੂਜਾ ਸੱਭ ਤੋਂ ਵੱਡਾ ਸ਼ਹਿਰ ਹਾਲ ਹੀ ਦੇ ਦਿਨਾਂ ਵਿਚ ਵੱਡੇ ਹਮਲਿਆਂ ਦਾ ਸ਼ਿਕਾਰ ਹੋਇਆ ਹੈ, ਜਿਸ ਵਿਚ ਦਰਜਨਾਂ ਫਲਸਤੀਨੀ ਨਾਗਰਿਕ ਮਾਰੇ ਗਏ ਹਨ ਅਤੇ ਜ਼ਖਮੀ ਹੋਏ ਹਨ। ਇਜ਼ਰਾਈਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਾਸ ਦੇ ਚੋਟੀ ਦੇ ਨੇਤਾ ਸ਼ਹਿਰ ਦੇ ਹੇਠਾਂ ਸੁਰੰਗਾਂ ਵਿਚ ਲੁਕੇ ਹੋ ਸਕਦੇ ਹਨ। ਖਾਨ ਯੂਨਿਸ ਗਾਜ਼ਾ ਵਿਚ ਹਮਾਸ ਦੇ ਚੋਟੀ ਦੇ ਨੇਤਾ ਯੇਹਯਾ ਸਿਨਵਰ ਦਾ ਜੱਦੀ ਸ਼ਹਿਰ ਹੈ। ਸਿਨਵਰ ਦੇ ਟਿਕਾਣੇ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।