
ਇਹ ਮੰਜ਼ਰ ਪੁਲਿਸ ਸਟੇਸ਼ਨ ਕਿਲ੍ਹਾ ਗੁੱਜਰ ਸਿੰਘ ਲਾਹੌਰ ਦਾ ਹੈ
ਇਸਲਾਮਾਬਾਦ (ਬਾਬਰ ਜਲੰਧਰੀ) - ਇਹ ਮੰਜ਼ਰ ਪੁਲਿਸ ਸਟੇਸ਼ਨ ਕਿਲ੍ਹਾ ਗੁੱਜਰ ਸਿੰਘ ਲਾਹੌਰ ਦਾ ਹੈ। ਕੁਰਸੀ 'ਤੇ ਬੈਠੀ ਬੀਬੀ ਦਾ ਨਾਂ ਰਾਜਵੰਤ ਕੌਰ ਹੈ ਜੋ ਕੈਨੇਡਾ ਤੋਂ ਲਹੌਰ ਦੇ ਪੁਲਸ ਸਟੇਸ਼ਨ ਵੇਖਣ ਲਾਹੌਰ ਆਈ, ਜਿਥੇ ਕਦੀ ਉਸ ਦਾ ਬਾਪੂ ਥਾਣੇਦਾਰ ਲੱਗਾ ਹੋਇਆ ਸੀ। ਇਹ 1947 ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ ਕਿ ਜਦੋਂ ਵੰਡ ਹੋਈ ਤੇ ਸੁੱਖ ਥਾਣੇਦਾਰ ਨੂੰ ਦੂਜੇ ਪੰਜਾਬੀ ਹਿੰਦੂਆਂ ਤੇ ਸਿੱਖਾਂ ਦੀ ਤਰ੍ਹਾਂ ਅਪਣਾ ਘਰ ਛੱਡਣਾ ਪੈ ਗਿਆ। ਰਾਜਵੰਤ ਕੌਰ ਵੰਡ ਦੇ ਦੋ ਸਾਲਾਂ ਬਾਅਦ ਜੰਮੀ ਪਰ ਅਜੇ ਡੇਢ ਸਾਲ ਦੀ ਸੀ ਕਿ ਉਸ ਦਾ ਬਾਪੂ ਅਕਾਲ ਚਲਾਣਾ ਕਰ ਗਿਆ।
ਰਾਜਵੰਤ ਕੌਰ ਆਪਣੇ ਬਾਪੂ ਦੀ ਆਪਣੇ ਮਨ ਵਿਚ ਤਸਵੀਰ ਬਣਾ ਕੇ ਵੇਖਦੀ ਰਹੀ ਇਸ ਤਸਵੀਰ ਨੂੰ ਹੋਰ ਨੇੜਿਓਂ ਵੇਖਣ ਲਈ ਅੱਜ ਜਦੋਂ ਉਹ ਕਿਲ੍ਹਾ ਗੁੱਜਰ ਸਿੰਘ ਥਾਣੇ ਅੱਪੜੀ ਤੇ ਥਾਣੇਦਾਰ ਦੀ ਕੁਰਸੀ 'ਤੇ ਬੈਠੇ ਮੌਜੂਦਾ ਐੱਸਐਚਓ ਯੂਨਸ ਭੱਟੀ ਹੋਰਾਂ ਨੇ ਰਜਵੰਤ ਕੌਰ ਦੀ ਗੱਲ ਸੁਣ ਕੇ ਉਨ੍ਹਾਂ ਵਾਸਤੇ ਆਪਣੀ ਕੁਰਸੀ ਇਹ ਆਖਦਿਆਂ ਛੱਡ ਦਿੱਤੀ ਕਿ ਇਸ 'ਤੇ ਬਹਿ ਕੇ ਤੁਸੀਂ ਸ਼ਾਇਦ ਮਹਿਸੂਸ ਕਰ ਸਕੋ ਕਿ ਤੁਹਾਡੇ ਬਾਪੂ ਕਿਵੇਂ ਇਸ ਥਾਣੇ ਵਿਚ ਬੈਠਦੇ ਸਨ। ਕੁਰਸੀ 'ਤੇ ਬਹਿ ਕੇ ਬਹੁਤ ਚਿਰ ਰਾਜਵੰਤ ਕੌਰ ਦੇ ਹੰਝੂ ਨਹੀਂ ਰੁਕੇ।
ਦੂਜੇ ਪਾਸੇ ਮੇਰੀਆਂ ਅੱਖਾਂ ਐੱਸਐਚਓ ਦੀ ਇਨਸਾਨੀਅਤ ਵੇਖ ਕੇ ਭਿੱਜ ਗਈਆਂ ਜਿਸ ਨੇ ਇਹ ਆਖ ਕੇ ਮੇਰਾ ਦਿਲ ਜਿੱਤ ਲਿਆ ਕਿ ਉਸ ਵੇਲੇ ਇਹ ਕੁਰਸੀ ਤੁਹਾਡੇ ਬਾਪ ਦੀ ਸੀ, ਅੱਜ ਪੁੱਤਰ ਦੀ ਹੈ ਤੇ ਮਾਂ ਦੇ ਸਾਹਮਣੇ ਪੁੱਤਰ ਕੁਰਸੀ 'ਤੇ ਬੈਠਾ ਚੰਗਾ ਨਹੀਂ ਲੱਗਦਾ।