
ਪੁੱਛਿਆ, ਤੁਸੀਂ ਪਿਛਲੇ ਹਫ਼ਤੇ ਕੀ ਕੀਤਾ? ਜਵਾਬ ਨਾ ਦੇਣ ’ਤੇ ਮੰਨਿਆ ਜਾਵੇਗਾ ਅਸਤੀਫ਼ਾ
ਵਾਸ਼ਿੰਗਟਨ : ਜਦੋਂ ਤੋਂ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਹਨ, ਐਲਨ ਮਸਕ ਹਰ ਪਾਸੇ ਸੁਰਖ਼ੀਆਂ ਵਿਚ ਹਨ। ਟਰੰਪ ਨੇ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁਖੀ ਬਣਾਇਆ ਹੈ। ਸਰਕਾਰੀ ਖ਼ਰਚਿਆਂ ਵਿਚ ਕਟੌਤੀ ਅਤੇ ਫ਼ਜ਼ੂਲ ਖ਼ਰਚੀ ਨੂੰ ਰੋਕਣ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ’ਤੇ ਹੈ। ਐਲਨ ਮਸਕ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿਤਾ ਹੈ। ਹੁਣ ਉਸ ਨੇ ਅਮਰੀਕਾ ਦੇ ਲੱਖਾਂ ਸੰਘੀ ਕਰਮਚਾਰੀਆਂ ਨੂੰ ਇਕ ਈਮੇਲ ਭੇਜੀ ਹੈ।
ਇਨ੍ਹਾਂ ਕਰਮਚਾਰੀਆਂ ਨੂੰ 48 ਘੰਟਿਆਂ ਦੇ ਅੰਦਰ ਦਸਣਾ ਹੋਵੇਗਾ ਕਿ ਉਨ੍ਹਾਂ ਨੇ ਫ਼ਜ਼ੂਲ ਖ਼ਰਚੀ ਘਟਾਉਣ ਲਈ ਪਿਛਲੇ ਹਫ਼ਤੇ ਕੀ ਕੀਤਾ। ਡੋਨਾਲਡ ਟਰੰਪ ਨੇ ਟਵਿੱਟਰ ’ਤੇ ਲਿਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਸੰਘੀ ਕਰਮਚਾਰੀਆਂ ਨੂੰ ਜਲਦੀ ਹੀ ਇਕ ਈਮੇਲ ਪ੍ਰਾਪਤ ਹੋਵੇਗੀ। ਇਸ ਵਿਚ ਇਹ ਦਸਣਾ ਹੋਵੇਗਾ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਕੀ ਕੀਤਾ? ਮਸਕ ਨੇ ਅੱਗੇ ਲਿਖਿਆ ਕਿ ਜਵਾਬ ਨਾ ਦੇਣ ’ਤੇ ਅਸਤੀਫ਼ਾ ਮੰਨਿਆ ਜਾਵੇਗਾ।
ਐਲਨ ਮਸਕ ਦੀ ਪੋਸਟ ਤੋਂ ਥੋੜ੍ਹੀ ਦੇਰ ਬਾਅਦ, ਲੱਖਾਂ ਫ਼ੈਡਰਲ ਕਰਮਚਾਰੀਆਂ ਨੂੰ ਤਿੰਨ-ਲਾਈਨ ਈਮੇਲ ਪ੍ਰਾਪਤ ਹੋਈ। ਇਸ ਵਿਚ ਲਿਖਿਆ ਗਿਆ ਸੀ ਕਿ ਪੰਜ ਅੰਕਾਂ ਵਿਚ ਈਮੇਲ ਦਾ ਜਵਾਬ ਦਿਉ ਕਿ ਤੁਸੀਂ ਪਿਛਲੇ ਹਫ਼ਤੇ ਕੀ ਕੀਤਾ? ਈਮੇਲ ਦੀ ਕਾਪੀ ਅਪਣੇ ਮੈਨੇਜਰ ਨੂੰ ਭੇਜਣ ਲਈ ਵੀ ਹਦਾਇਤਾਂ ਦਿਤੀਆਂ ਗਈਆਂ ਹਨ। ਕਰਮਚਾਰੀਆਂ ਨੂੰ ਸੋਮਵਾਰ ਰਾਤ 11:59 ਵਜੇ ਤਕ ਜਵਾਬ ਦੇਣਾ ਹੋਵੇਗਾ।