
ਜੂਨ ਮਹੀਨੇ 'ਚ ਕਤਰ 'ਤੇ ਪਾਬੰਦੀਆਂ ਲਗਾਉਂਦੇ ਹੋਏ ਸਾਰੇ ਰਿਸ਼ਤੇ ਖ਼ਤਮ ਕਰਨ ਤੋਂ ਬਾਅਦ ਸਾਊਦੀ ਅਰਬ ਨੇ ਹੁਣ ਕਤਰ ਦੇ ਹੱਜ ਯਾਤਰੀਆਂ ਲਈ ਨਰਮੀ ਵਰਤੀ ਹੈ।
ਰਿਆਦ, 17 ਅਗੱਸਤ : ਜੂਨ ਮਹੀਨੇ 'ਚ ਕਤਰ 'ਤੇ ਪਾਬੰਦੀਆਂ ਲਗਾਉਂਦੇ ਹੋਏ ਸਾਰੇ ਰਿਸ਼ਤੇ ਖ਼ਤਮ ਕਰਨ ਤੋਂ ਬਾਅਦ ਸਾਊਦੀ ਅਰਬ ਨੇ ਹੁਣ ਕਤਰ ਦੇ ਹੱਜ ਯਾਤਰੀਆਂ ਲਈ ਨਰਮੀ ਵਰਤੀ ਹੈ। ਅਰਬ ਦੇਸ਼ ਨੇ ਹੱਜ ਯਾਤਰਾ ਲਈ ਕਤਰ ਦੇ ਲੋਕਾਂ ਦੇ ਆਉਣ ਲਈ ਅਪਣੇ ਦਰਵਾਜ਼ੇ ਖੋਲ੍ਹ ਦਿਤੇ ਹਨ। ਇਸ ਬਾਰੇ ਵੀਰਵਾਰ ਨੂੰ ਸਾਊਦੀ ਅਰਬ ਨੇ ਕਿਹਾ ਕਿ ਉਹ ਇਸ ਸਾਲ ਹੱਜ ਕਰਨ ਲਈ ਸਾਊਦੀ ਅਰਬ 'ਚ ਕਤਰ ਦੇ ਤੀਰਥ ਯਾਤਰੀਆਂ ਦਾ ਸਵਾਗਤ ਕਰਨਗੇ। ਜ਼ਿਕਰਯੋਗ ਹੈ ਕਿ ਸਾਊਦੀ ਅਰਬ, ਮਿਸਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਨੇ 5 ਜੂਨ ਨੂੰ ਕਤਰ ਨਾਲ ਰਾਜਨੀਤਕ ਅਤੇ ਕਾਰੋਬਾਰੀ ਸਬੰਧ ਖ਼ਤਮ ਕਰ ਲਏ ਸਨ।
'ਸਾਊਦੀ ਨਿਊਜ਼ ਏਜੰਸੀ' ਦੇ ਬਿਆਨ ਅਨੁਸਾਰ ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਅਤੇ ਦੋਹਾ ਦੇ ਦੂਤ ਵਿਚਕਾਰ ਮੁਲਾਕਾਤ ਤੋਂ ਬਾਅਦ ਸਰਹੱਦ ਸਬੰਧੀ ਇਹ ਫੈਸਲਾ ਲਿਆ ਗਿਆ। ਸ਼ਾਹ ਨੇ ਹੁਕਮ ਦਿਤਾ ਹੈ ਕਿ ਕਤਰ ਦੇ ਤੀਰਥ ਯਾਤਰੀਆਂ ਨੂੰ ''ਤੀਰਥਯਾਤਰਾ ਕਰਨ ਲਈ ਸਰਹੱਦ ਪਾਰ ਕਰ ਕੇ ਸਾਊਦੀ ਅਰਬ ਵਿਚ ਪਰਵੇਸ਼ ਦੀ ਆਗਿਆ ਹੋਵੇਗੀ।'' ਉਨ੍ਹਾਂ ਇਹ ਵੀ ਹੁਕਮ ਦਿਤਾ ਸੀ ਕਿ ਸਾਊਦੀ ਏਅਰਲਾਈਨ ਕੰਪਨੀ ਦੇ ਨਿੱਜੀ ਜਹਾਜ਼ਾਂ ਨੂੰ ਦੋਹਾ ਹਵਾਈ ਅੱਡੇ 'ਤੇ ਭੇਜਿਆ ਜਾਵੇ ਤਾਂ ਕਿ ਸਾਰੇ ਕਤਰੀ ਤੀਰਥਯਾਤਰੀਆਂ ਨੂੰ ਉਸ ਦੇ ਖ਼ਰਚੇ 'ਤੇ ਲਿਆਇਆ ਜਾ ਸਕੇ।
ਕਤਰ ਦੇ ਅਧਿਕਾਰੀਆਂ ਨੇ ਸਾਊਦੀ ਅਰਬ 'ਤੇ ਪਿਛਲੇ ਮਹੀਨੇ ਦੋਸ਼ ਲਗਾਇਆ ਸੀ ਕਿ ਉਸ ਨੇ ਤੀਰਥਯਾਤਰੀਆਂ ਦੀ ਸੁਰੱਖਿਆ ਦੀ ਗਾਰੰਟੀ ਦੇਣ ਤੋਂ ਇਨਕਾਰ ਕਰ ਕੇ ਮੱਕਾ ਦੀ ਯਾਤਰਾ ਨੂੰ ਖ਼ਤਰੇ ਵਿਚ ਪਾ ਦਿਤਾ ਹੈ। ਸਾਊਦੀ ਅਰਬ ਅਤੇ ਉਸ ਦੇ ਅਰਬ ਸਾਥੀਆਂ ਨੇ ਦੋਹਾ 'ਤੇ ਅਤਿਵਾਦੀਆਂ ਦਾ ਸਮਰਥਨ ਕਰਨ ਅਤੇ ਈਰਾਨ ਦੇ ਬਹੁਤ ਕਰੀਬ ਹੋਣ ਦਾ ਦੋਸ਼ ਲਗਾਉਂਦੇ ਹੋਏ ਕਤਰ ਨਾਲ ਹਵਾ, ਸਮੁੰਦਰੀ ਅਤੇ ਜ਼ਮੀਨੀ ਸਬੰਧ ਖ਼ਤਮ ਕਰ ਦਿਤੇ ਸਨ ਅਤੇ ਉਸ 'ਤੇ ਆਰਥਕ ਪਾਬੰਦੀ ਲਗਾਈ ਸੀ। ਕਤਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਖਾੜੀ ਦੇਸ਼ਾਂ 'ਤੇ ਉਸ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। (ਪੀਟੀਆਈ)