
ਪਾਕਿਸਤਾਨ ਸਰਕਾਰ ਨੂੰ ਸ਼ਾਦਬਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ
ਲਾਹੌਰ : ਲਾਹੌਰ ’ਚ ਸਥਿਤ ਸ਼ਾਦਬਾਨ ਚੌਕ ’ਤੇ ਅੱਜ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿਤੀਆਂ ਗਈਆਂ। ਇਹ ਚੌਕ ਉਸੇ ਥਾਂ ’ਤੇ ਬਣਿਆ ਹੋਇਆ ਹੈ ਜਿਥੇ ਤਿੰਨਾਂ ਆਜ਼ਾਦੀ ਘਲਾਟੀਆਂ ਨੂੰ ਫਾਂਸੀ ਦਿਤੀ ਗਈ ਸੀ।
ਇਸ ਮੌਕੇ ਤਾਰਿਕ ਜਡਾਲਾ, ਅਹਿਮਦ ਰਜ਼ਾ ਪੰਜਾਬੀ, ਮਦੱਸਰ ਇਕਬਾਲ ਭੱਟ, ਬਾਬਰ ਜਲੰਧਰੀ, ਇਲਿਆਸ ਘੁੰਮਣ, ਅਹਿਮਦ ਇਕਬਾਲ ਬਜ਼ਮੀ ਅਤੇ ਯੂਸਫ਼ ਪੰਜਾਬੀ ਸਮੇਤ ਦਰਜਨਾਂ ਹੋਰ ਲੋਕਾਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦੇ ਕਰਤਾ-ਧਰਤਾ ਅਤੇ ਪੰਜਾਬੀ ਪ੍ਰਚਾਰ ਦੇ ਆਗੂ ਅਹਿਮਦ ਰਜ਼ਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਇਹ ਮੰਗ ਕੀਤੀ ਕਿ ਇਸ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰਖਿਆ ਜਾਵੇ। ਦੂਜੀ ਮੰਗ ਇਹ ਵੀ ਕੀਤੀ ਗਈ ਕਿ ਪੰਜਾਬੀ ਦੀ ਸਕੂਲਾਂ ’ਚ ਪੜ੍ਹਾਈ ਸ਼ੁਰੂ ਕਰਵਾਈ ਜਾਵੇ। ਇਸ ਤੋਂ ਇਲਾਵਾ ਪਾਕਿਸਤਾਨ ’ਚ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਭਗਤ ਸਿੰਘ ਦੀ ਸੋਚ ਨੂੰ ਤਮਾਮ ਲੋਕਾਈ ਤਕ ਪਹੁੰਚਾਉਣ ਲਈ ਅਗਲੇ ਸਾਲ ਇਸੇ ਥਾਂ ’ਤੇ ਵੱਡਾ ਜਲਸਾ ਕਰਨ ਦੀ ਅਹਿਦ ਵੀ ਕੀਤਾ ਗਿਆ।