
ਇਕ ਦਿਨ ਚ ਕੇਵਲ 700 ਸ਼ਰਧਾਲੂ ਹੀ ਕਰ ਸਕਣਗੇ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ
ਇਸਲਾਮਾਬਾਦ: ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਚਾਲੂ ਕਰਨ ਲਈ ਕਈ ਨਿਯਮ ਅਤੇ ਸ਼ਰਤਾਂ ਤੈਅ ਕਰ ਦਿੱਤੀਆਂ ਹਨ। ਉਹ ਇਸ ਲਾਂਘੇ ’ਤੇ ਭਾਰਤ ਦੇ ਪ੍ਰਸਤਾਵ ਨਾਲ ਸਹਿਮਤ ਨਹੀਂ ਹਨ। ਪਾਕਿਸਤਾਨ ਨੇ ਕਿਹਾ ਹੈ ਕਿ ਇਕ ਦਿਨ ਵਿਚ ਸਿਰਫ 700 ਸ਼ਰਧਾਲੂ ਹੀ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰ ਸਕਣਗੇ। ਭਾਰਤ ਨੇ ਪ੍ਰਸਤਾਵ ਰੱਖਿਆ ਸੀ ਕਿ ਭਾਰਤੀ ਨਾਗਰਿਕਾਂ ਤੋਂ ਇਲਾਵਾ ਓਵਰਸੀਜ ਇੰਡੀਅਨ ਕਾਰਡ ਧਾਰਕਾਂ ਨੂੰ ਵੀ ਤੀਰਥ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇ।
Kartarpur corridor
ਪਰ ਪਾਕਿਸਤਾਨ ਨੇ ਕਿਹਾ ਹੈ ਕਿ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ। ਭਾਰਤ ਨੇ ਸੁਝਾਅ ਦਿੱਤਾ ਸੀ ਕਿ ਕਰਤਾਰਪੁਰ ਲਾਂਘੇ ਨੂੰ ਹਫ਼ਤੇ ਵਿਚ ਸੱਤ ਦਿਨ ਅਤੇ ਸਾਲ ਵਿਚ 365 ਦਿਨ ਖੁੱਲ੍ਹਾ ਰੱਖਿਆ ਜਾਵੇ ਪਰ ਪਾਕਿਸਤਾਨ ਨੇ ਕਿਹਾ ਹੈ ਕਿ ਇਸ ਨੂੰ ਸਿਰਫ਼ ਤੀਰਥ ਯਾਤਰਾ ਦੌਰਾਨ ਹੀ ਖੁੱਲ੍ਹਾ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਭਾਰਤ ਦਾ ਪ੍ਰਸਤਾਵ ਸੀ ਕਿ 5000 ਲੋਕਾਂ ਨੂੰ ਹਰ ਦਿਨ ਦਰਸ਼ਨ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਪਰ ਪਾਕਿਸਤਾਨ ਨੇ ਕਿਹਾ ਕਿ 700 ਤੋਂ ਜ਼ਿਆਦਾ ਲੋਕਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
Kartarpur Sahib
ਪਾਕਿਸਤਾਨ ਨੇ ਖ਼ਾਸ ਦਿਨਾਂ ਵਿਚ 10,000 ਲੋਕਾਂ ਨੂੰ ਯਾਤਰਾ ਦੀ ਇਜਾਜ਼ਤ ਦੇਣ ਦੇ ਭਾਰਤ ਦੇ ਪ੍ਰਸਤਾਵ ਦਾ ਵੀ ਜਵਾਬ ਨਹੀਂ ਦਿੱਤਾ। ਭਾਰਤ ਦਾ ਕਹਿਣਾ ਹੈ ਕਿ ਨਿਜੀ ਰੂਪ ਤੋਂ ਜਾਂ ਸਮੂਹ ਵਿਚ ਲੋਕਾਂ ਨੂੰ ਯਾਤਰਾ ਕਰਨ ਦੀ ਆਗਿਆ ਹੋਵੇ ਪਰ ਪਾਕਿਸਤਾਨ ਨੇ ਸਿਰਫ਼ ਸਮੂਹ ਨੂੰ ਹੀ ਆਗਿਆ ਦਿੱਤੀ ਹੈ ਜਿਸ ਵਿਚ ਘਟ ਤੋਂ ਘਟ 15 ਲੋਕ ਹੋਣਗੇ। ਪਾਕਿਸਤਾਨ ਰਾਵੀ ਨਦੀ ’ਤੇ ਇਕ ਪੁਲ ਦੇ ਨਿਰਮਾਣ ਦੇ ਭਾਰਤ ਦੇ ਪ੍ਰਸਤਾਵ ’ਤੇ ਵੀ ਸਹਿਮਤ ਨਹੀਂ ਹੋਇਆ।
ਹਾਲਾਂਕਿ ਇਕ ਅਧਿਕਾਰੀ ਨੇ ਦਸਿਆ ਕਿ ਦੋਵਾਂ ਦੇਸ਼ਾਂ ਵਿਚ ਕਈ ਮਾਮਲਿਆਂ ’ਤੇ ਸਹਿਮਤੀ ਨਾ ਬਣਾਉਣ ਤੋਂ ਬਾਅਦ ਵੀ ਕਰਤਾਰਪੁਰ ਲਾਂਘੇ ਦਾ ਕੰਮ ਪੂਰੇ ਜ਼ੋਰਾਂ ’ਤੇ ਚਲ ਰਿਹਾ ਹੈ। ਉਹਨਾਂ ਨੇ ਦਸਿਆ ਕਿ ਇਸ ਪ੍ਰੋਜੈਕਟ ਦੇ 12 ਨਵੰਬਰ ਨੂੰ 2019 ਤਕ ਪੂਰਾ ਹੋਣ ਦੀ ਉਮੀਦ ਹੈ। ਇਸ ਅਸਥਾਨ ’ਤੇ ਗੁਰੂ ਨਾਨਕ ਦੇਵ ਨੇ ਕਰਤਾਰਪੁਰ ਸਾਹਿਬ ਵਿਚ ਅਪਣੇ ਜੀਵਨ ਦੇ 18 ਸਾਲ ਬਤੀਤ ਕੀਤੇ ਸਨ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਹੈ।