
ਕਿਹਾ, ਵਾਇਰਸ ਦੀ ਸਥਿਤੀ ਚੰਗੀ ਹੋਣ ਤੋਂ ਪਹਿਲਾਂ ਬਹੁਤ ਮਾੜੀ ਹੋ ਸਕਦੀ ਹੈ
ਵਾਸ਼ਿੰਗਟਨ, 22 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੁਨੀਆਂ ਵਿਚ ਕੋਵਿਡ-19 ਸਬੰਧੀ ਜਾਂਚ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਪਹਿਲੇ ਅਤੇ ਭਾਰਤ ਦੂਜੇ ਸਥਾਨ ’ਤੇ ਹੈ। ਅਮਰੀਕਾ ਵਿਚ ਹੁਣ ਤਕਦ ਇਕ ਲੱਖ ਚਾਲੀ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਵਾਇਰਸ ਨਾ ਜਾ ਚੁਕੀ ਹੈ ਅਤੇ ਪੀੜਤਾਂ ਦੀ ਗਿਣਤੀ 38 ਲੱਖ ਦੇ ਕਰੀਬ ਹੈ।
ਟਰੰਪ ਨੇ ਕੋਰੋਨਾ ਵਾਇਰਸ ਦੀ ਜਾਣਕਾਰੀ ਦੇਣ ਲਈ ਕਈ ਹਫ਼ਤੇ ਬਾਅਦ ਵ੍ਹਾਈਟ ਹਾਊਸ ਵਿਚ ਪੱਤਰਕਾਰ ਵਾਰਤਾ ਵਿਚ ਕਿਹਾ,‘‘ਅਸੀਂ ਮਹਾਂਮਾਰੀ ਕਾਰਨ ਮਾਰੇ ਗਏ ਲੋਕਾਂ ਲਈ ਇਕ ਪ੍ਰਵਾਰ ਦੇ ਤੌਰ ’ਤੇ ਸ਼ੋਕ ਮਨਾਉਂਦੇ ਹਾਂ। ਮੈਂ ਉਨ੍ਹਾਂ ਦੇ ਸਨਮਾਨ ਵਿਚ ਸੰਕਲਪ ਕਰਦਾ ਹਾਂ ਕਿ ਅਸੀਂ ਟੀਕਾ ਬਣਾਵਾਂਗੇ ਅਤੇ ਵਾਇਰਸ ਨੂੰ ਹਰਾ ਦੇਵਾਂਗੇ। ਅਸੀਂ ਟੀਕਾ ਬਣਾਉਣ ਅਤੇ ਡਾਕਟਰੀ ਹਲ ਲੱਭਣ ਦੀ ਦਿਸ਼ਾ ਵਿਚ ਚੰਗਾ ਕਰ ਰਹੇ ਹਾਂ।’’
File Photo
ਟਰੰਪ ਨੇ ਕਿਹਾ,‘‘ਅਸੀਂ ਵਾਇਰਸ ਬਾਰੇ ਬਹੁਤ ਕੁਝ ਜਾਣ ਲਿਆ ਹੈ। ਸਾਨੂੰ ਪਤਾ ਹੈ ਕਿ ਕੌਣ ਖ਼ਤਰੇ ਵਿਚ ਹੈ ਅਤੇ ਅਸੀਂ ਉਨ੍ਹਾਂ ਦੀ ਰਖਿਆ ਕਰਾਂਗੇ।’’ ਟਰੰਪ ਨੇ ਯਕੀਨ ਦਿਵਾਇਆ ਕਿ ਕੋਰੋਨਾ ਵਾਇਰਸ ਦਾ ਟੀਕਾ ਉਮੀਦ ਤੋਂ ਕਾਫੀ ਪਹਿਲਾਂ ਆ ਜਾਵੇਗਾ। ਟਰੰਪ ਨੇ ਕੋਵਿਡ ਦੀ ਜਾਂਚ ਸਬੰਧੀ ਕੀਤੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਮਰੀਕਾ ਇਸ ਵਿਚ ਸੱਭ ਤੋਂ ਅੱਗੇ ਹੈ। ਉਨ੍ਹਾਂ ਕਿਹਾ,‘‘ਅਸੀਂ ਜਲਦੀ ਹੀ ਪੰਜ ਕਰੋੜ ਦਾ ਅੰਕੜਾ ਪਾਰ ਕਰ ਦੇਵਾਂਗੇ। ਦੂਜੇ ਨੰਬਰ ’ਤੇ ਭਾਰਤ ਹੈ, ਜਿਸ ਨੇ 1.2 ਕਰੋੜ ਲੋਕਾਂ ਦੀ ਜਾਂਚ ਕੀਤੀ ਹੈ।
ਮੈਨੂੰ ਲਗਦਾ ਹੈ ਕਿ ਅਸੀ ਵਿਆਪਕ ਪੱਧਰ ’ਤੇ ਜਾਂਚ ਕਰ ਰਹੇ ਹਾਂ।’’ ਇਸ ਦੌਰਾਨ ਟਰੰਪ ਨੇ ਕਈ ਵਾਰ ਵਾਇਰਸ ਨੂੰ ‘ਚੀਨੀ ਵਾਇਰਸ’ ਵੀ ਕਿਹਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਵਾਇਰਸ ਦੀ ਸਥਿਤੀ ਚੰਗੀ ਹੋਣ ਤੋਂ ਪਹਿਲਾਂ ਬਹੁਤ ਮਾੜੀ ਹੋ ਸਕਦੀ ਹੈ। ਉਨ੍ਹਾਂ ਕਿਹਾ,‘‘ਇਹ ਬਦਕਿਸਮਤੀ ਨਾਲ ਇਹ ਸਥਿਤੀ ਚੰਗੀ ਹੋਣ ਤੋਂ ਪਹਿਲਾਂ ਬਹੁਤ ਮਾੜੀ ਹੋ ਸਕਦੀ ਹੈ।’’ (ਪੀਟੀਆਈ)