ਪੁਲਿਸ ਮੁਤਾਬਕ ਔਰਤ ਸਟੋਰ ’ਤੇ ਕੰਮ ਕਰਦੀ ਸੀ ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
ਓਟਾਵਾ: ਕੈਨੇਡਾ ਦੇ ਹੈਲੀਫੈਕਸ ਸ਼ਹਿਰ ’ਚ ਵਾਲਮਾਰਟ ਸਟੋਰ ਦੇ ਬੇਕਰੀ ਵਿਭਾਗ ’ਚ ਇਕ 19 ਸਾਲ ਦੀ ਸਿੱਖ ਔਰਤ ਦੀ ਲਾਸ਼ ਮਿਲੀ ਹੈ। ਮੀਡੀਆ ’ਚ ਜਾਰੀ ਖਬਰਾਂ ’ਚ ਇਹ ਜਾਣਕਾਰੀ ਦਿਤੀ ਗਈ।
ਹੈਲੀਫੈਕਸ ਖੇਤਰੀ ਪੁਲਿਸ (ਐਚ.ਆਰ.ਪੀ.) ਨੇ ਕਿਹਾ ਕਿ ਉਨ੍ਹਾਂ ਨੂੰ ਸਨਿਚਰਵਾਰ ਰਾਤ ਕਰੀਬ 9:30 ਵਜੇ 6990 ਮਮਫੋਰਡ ਰੋਡ ’ਤੇ ਵਾਲਮਾਰਟ ਵਿਖੇ ਘਟਨਾ ਬਾਰੇ ਬੁਲਾਇਆ ਗਿਆ ਸੀ। ਪੁਲਿਸ ਮੁਤਾਬਕ ਔਰਤ ਸਟੋਰ ’ਤੇ ਕੰਮ ਕਰਦੀ ਸੀ ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
ਪੁਲਿਸ ਨੇ ਦਸਿਆ ਕਿ ਉਸ ਦੀ ਲਾਸ਼ ਇਕ ਵੱਡੇ ਵਾਕ-ਇਨ ਓਵਨ (ਭੱਠੀ) ਦੇ ਅੰਦਰ ਮਿਲੀ। ਮੈਰੀਟਾਈਮ ਸਿੱਖ ਸੋਸਾਇਟੀ ਨੇ ਸੀ.ਟੀ.ਵੀ. ਨਿਊਜ਼ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ ਕਿ ਔਰਤ ਉਨ੍ਹਾਂ ਦੇ ਭਾਈਚਾਰੇ ਦੀ ਮੈਂਬਰ ਸੀ।‘ਮੈਰੀਟਾਈਮ ਸਿੱਖ ਸੁਸਾਇਟੀ’ ਦੇ ਅਨਮੋਲਪ੍ਰੀਤ ਸਿੰਘ ਨੇ ਕਿਹਾ, ‘‘ਇਹ ਸਾਡੇ ਅਤੇ ਉਨ੍ਹਾਂ ਦੇ ਪਰਵਾਰ ਲਈ ਬਹੁਤ ਦੁਖਦਾਈ ਹੈ। ਉਹ ਅਪਣੇ ਬਿਹਤਰ ਭਵਿੱਖ ਲਈ ਇੱਥੇ ਆਈ ਸੀ ਪਰ ਅਪਣੀ ਜਾਨ ਗੁਆ ਬੈਠੀ।’’ ‘ਗਲੋਬ ਐਂਡ ਮੇਲ’ ਅਖਬਾਰ ਦੀ ਖਬਰ ਮੁਤਾਬਕ ਔਰਤ ਹਾਲ ਹੀ ’ਚ ਭਾਰਤ ਤੋਂ ਕੈਨੇਡਾ ਆਈ ਸੀ।
ਔਰਤ ਦੀ ਮੌਤ ਦੀ ਜਾਂਚ ਜਾਰੀ ਰਹਿਣ ਤਕ ਸਟੋਰ ਸਨਿਚਰਵਾਰ ਰਾਤ ਤੋਂ ਬੰਦ ਹੈ। ਐਚ.ਆਰ.ਪੀ. ਕਾਂਸਟੇਬਲ ਮਾਰਟਿਨ ਕ੍ਰੋਮਵੈਲ ਨੇ ਕਿਹਾ, ‘‘ਇਸ ਮਾਮਲੇ ਦੀ ਜਾਂਚ ਗੁੰਝਲਦਾਰ ਹੈ। ਹੈਲੀਫੈਕਸ ਦੇ ਕਿਰਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਬੇਕਰੀ ਅਤੇ ਵਾਲਮਾਰਟ ਸਟੋਰ ’ਤੇ ‘ਇਕ ਉਪਕਰਨ’ ਲਈ ਕੰਮ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।’’ਐਚ.ਆਰ.ਪੀ. ਨੇ ਕਹਿਾ, ‘‘ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਜਾਂਚ ਅਜੇ ਉਸ ਬਿੰਦੂ ’ਤੇ ਨਹੀਂ ਪਹੁੰਚੀ ਹੈ ਜਿੱਥੇ ਮੌਤ ਦੇ ਕਾਰਨਾਂ ਅਤੇ ਤਰੀਕੇ ਦੀ ਪੁਸ਼ਟੀ ਕੀਤੀ ਜਾ ਸਕੇ।’’