
ਜੰਗਲ ਦੀ ਅੱਗ 'ਚ ਫਸ ਗਿਆ ਸੀ ਕੋਆਲਾ, ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਵੀਡੀਓ
ਮੈਲਬੌਰਨ(ਪਰਮਵੀਰ ਸਿੰਘ ਆਹਲੂਵਾਲੀਆ)- ਆਸਟ੍ਰੇਲੀਆ ਦੇ ਜੰਗਲਾਂ ਵਿਚ ਪਿਛਲੇ ਕਈ ਹਫ਼ਤਿਆਂ ਤੋਂ ਅੱਗ ਲੱਗੀ ਹੋਈ ਹੈ ਜੋ ਬੁਝਣ ਦਾ ਨਾਂਅ ਨਹੀਂ ਲੈ ਰਹੀ। ਜੰਗਲਾਂ ਨੂੰ ਲੱਗੀ ਇਸ ਭਿਆਨਕ ਅੱਗ ਕਾਰਨ ਬਹੁਤ ਸਾਰੇ ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਅੱਗ ਕਾਰਨ ਮੌਤ ਦੇ ਮੂੰਹ ਵਿਚ ਜਾਣ ਵਾਲੇ ਜ਼ਿਆਦਾਤਰ ਜੀਵਾਂ ਵਿਚ ਵੱਡੀ ਗਿਣਤੀ ਕੋਆਲਾ ਦੀ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਵਿਚ ਇਕ ਔਰਤ ਆਪਣੀ ਕਮੀਜ਼ ਉਤਾਰ ਕੇ ਭਿਆਨਕ ਅੱਗ ਦੀ ਚਪੇਟ ਵਿਚ ਫਸੇ ਇਕ ਕੋਆਲਾ ਨੂੰ ਬਚਾਉਂਦੀ ਹੋਈ ਨਜ਼ਰ ਆ ਰਹੀ ਹੈ।
ਵੀਡੀਓ ਵਿਚ ਨਜ਼ਰ ਆਉਣ ਵਾਲੀ ਇਸ ਔਰਤ ਦਾ ਨਾਂਅ ਟੋਨੀ ਡੋਹਰਟੀ ਹੈ ਜੋ ਨਿਊ ਸਾਊਥ ਵੇਲਸ ਦੀ ਰਹਿਣ ਵਾਲੀ ਹੈ। ਇਕ ਰਿਪੋਰਟ ਮੁਤਾਬਕ ਜਦੋਂ ਇਸ ਔਰਤ ਨੇ ਇਕ ਕੋਆਲਾ ਨੂੰ ਅੱਗ ਵਿਚ ਘਿਰਿਆ ਹੋਇਆ ਵੇਖਿਆ ਤਾਂ ਉਹ ਬਿਨਾਂ ਕੋਈ ਪ੍ਰਵਾਹ ਕੀਤਿਆਂ ਉਸ ਨੂੰ ਬਚਾਉਣ ਲਈ ਉਸ ਵੱਲ ਭੱਜੀ। ਇੱਥੋਂ ਤਕ ਕਿ ਉਸ ਨੇ ਅਪਣੀ ਕਮੀਜ਼ ਉਤਾਰ ਕੇ ਕੋਆਲਾ ਨੂੰ ਉਸ ਵਿਚ ਲਪੇਟ ਲਿਆ ਕਿਉਂਕਿ ਕੋਆਲਾ ਅੱਗ ਵਿਚ ਬੁਰੀ ਤਰ੍ਹਾਂ ਝੁਲਸ ਗਿਆ ਸੀ।
ਔਰਤ ਦੀ ਕੋਆਲਾ ਪ੍ਰਤੀ ਹਮਦਰਦੀ ਨੂੰ ਦੇਖਦੇ ਹੋਏ ਇਕ ਹੋਰ ਵਿਅਕਤੀ ਕੋਆਲਾ ਨੂੰ ਲਪੇਟਣ ਲਈ ਕੰਬਲ ਲੈ ਕੇ ਆਇਆ ਅਤੇ ਕੋਆਲਾ ਨੂੰ ਇਸ ਨਾਲ ਲਪੇਟ ਦਿੱਤਾ। ਇਸ ਮਗਰੋਂ ਟੋਨੀ ਕੋਆਲਾ ਨੂੰ ਪੋਰਟ ਮੈਕਕਿਊਰੀ ਹਸਪਤਾਲ ਵਿਖੇ ਲੈ ਗਈ, ਜਿੱਥੇ ਜ਼ਖ਼ਮੀ ਕੋਆਲਾ ਦਾ ਇਲਾਜ ਕੀਤਾ ਜਾ ਰਿਹਾ ਹੈ। ਇਕ ਜਾਣਕਾਰੀ ਅਨੁਸਾਰ ਔਰਤ ਵੱਲੋਂ ਬਚਾਏ ਗਏ ਕੋਆਲਾ ਦੀ ਹਾਲਤ ਪਹਿਲਾਂ ਨਾਲੋਂ ਠੀਕ ਹੈ।
ਸਾਊਥ ਵੇਲਜ਼ ਵਿਚ ਕਵੀਨਸਲੈਂਡ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਜੰਗਲ ਵਿਚ ਅੱਗ ਲੱਗਣ ਕਾਰਨ ਜਿੱਥੇ ਸੈਂਕੜੇ ਜੀਵ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਉਥੇ ਹੀ ਧੂੰਏਂ ਕਾਰਨ ਆਸਪਾਸ ਦੇ ਖੇਤਰਾਂ ਵਿਚ ਰਹਿੰਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਰਿਹਾ ਹੈ। ਕਈ ਕਿਸਾਨਾਂ ਦਾ ਖੇਤੀ ਦਾ ਸਮਾਨ ਵੀ ਅੱਗ ਦੀ ਭੇਂਟ ਚੜ੍ਹ ਗਿਆ। ਇਸੇ ਦੌਰਾਨ ਟੋਨੀ ਵੱਲੋਂ ਅੱਗ ਵਿਚ ਫਸੇ ਕੋਆਲਾ ਦੀ ਮਦਦ ਕੀਤੇ ਜਾਣ ਦੀ ਸਾਰਿਆਂ ਵੱਲੋਂ ਜਮ ਕੇ ਤਾਰੀਫ਼ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।