ਜਲਵਾਯੂ ਅਨੁਕੂਲ ਖੇਤੀਬਾੜੀ ਲਈ ਆਈ.ਬੀ.ਐੱਸ.ਏ. ਫੰਡ ਦਾ ਵੀ ਦਿਤਾ ਪ੍ਰਸਤਾਵ
ਜੋਹਾਨਸਬਰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਹੁਣ ਕੋਈ ਵਿਕਲਪ ਨਹੀਂ ਰਹਿ ਗਿਆ, ਬਲਕਿ ਇਕ ਜ਼ਰੂਰਤ ਹੈ ਅਤੇ ਉਨ੍ਹਾਂ ਕਿਹਾ ਕਿ ਭਾਰਤ-ਬ੍ਰਾਜ਼ੀਲ-ਦਖਣੀ ਅਫਰੀਕਾ ਤਿਕੜੀ ਨੂੰ ਆਲਮੀ ਗਵਰਨੈਂਸ ਸੰਸਥਾਵਾਂ ’ਚ ਤਬਦੀਲੀਆਂ ਲਈ ਸਪੱਸ਼ਟ ਸੰਦੇਸ਼ ਦੇਣਾ ਚਾਹੀਦਾ ਹੈ।
ਭਾਰਤ-ਬ੍ਰਾਜ਼ੀਲ-ਦਖਣੀ ਅਫਰੀਕਾ (ਆਈ.ਬੀ.ਐੱਸ.ਏ.) ਨੇਤਾਵਾਂ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆਂ ਖੰਡਿਤ ਅਤੇ ਵੰਡੀ ਹੋਈ ਵਿਖਾਈ ਦੇ ਰਹੀ ਹੈ, ਆਈ.ਬੀ.ਐੱਸ.ਏ. ਏਕਤਾ, ਸਹਿਯੋਗ ਅਤੇ ਮਨੁੱਖਤਾ ਦਾ ਸੰਦੇਸ਼ ਦੇ ਸਕਦਾ ਹੈ।
ਉਨ੍ਹਾਂ ਨੇ ਤਿੰਨਾਂ ਦੇਸ਼ਾਂ ਦਰਮਿਆਨ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਈ.ਬੀ.ਐੱਸ.ਏ. ਐੱਨ.ਐੱਸ.ਏ. ਪੱਧਰ ਦੀ ਮੀਟਿੰਗ ਨੂੰ ਸੰਸਥਾਗਤ ਬਣਾਉਣ ਦਾ ਪ੍ਰਸਤਾਵ ਵੀ ਦਿਤਾ।
ਉਨ੍ਹਾਂ ਕਿਹਾ, ‘‘ਅਤਿਵਾਦ ਵਿਰੁਧ ਲੜਾਈ ’ਚ ਸਾਨੂੰ ਨੇੜਲੇ ਤਾਲਮੇਲ ਨਾਲ ਅੱਗੇ ਵਧਣਾ ਚਾਹੀਦਾ ਹੈ।’’ ਮੋਦੀ ਨੇ ਦਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡੀ ਸਿਲਵਾ ਦੀ ਬੈਠਕ ’ਚ ਕਿਹਾ ਕਿ ਅਜਿਹੇ ਗੰਭੀਰ ਮੁੱਦੇ ਉਤੇ ਦੋਹਰੇ ਮਾਪਦੰਡ ਦੀ ਕੋਈ ਥਾਂ ਨਹੀਂ ਹੈ।
ਮਾਨਵ-ਕੇਂਦ੍ਰਿਤ ਵਿਕਾਸ ਨੂੰ ਯਕੀਨੀ ਬਣਾਉਣ ਵਿਚ ਟੈਕਨੋਲੋਜੀ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯੂ.ਪੀ.ਆਈ. ਵਰਗੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਕੋਵਿਨ ਜਿਹੇ ਸਿਹਤ ਮੰਚਾਂ, ਸਾਈਬਰ ਸੁਰੱਖਿਆ ਢਾਂਚੇ ਅਤੇ ਮਹਿਲਾਵਾਂ ਦੀ ਅਗਵਾਈ ਵਾਲੀ ਤਕਨੀਕੀ ਪਹਿਲਾਂ ਨੂੰ ਸਾਂਝਾ ਕਰਨ ਦੀ ਸੁਵਿਧਾ ਲਈ ਤਿੰਨਾਂ ਦੇਸ਼ਾਂ ਦਰਮਿਆਨ ‘ਆਈ.ਬੀ.ਐੱਸ.ਏ. ਡਿਜੀਟਲ ਇਨੋਵੇਸ਼ਨ ਅਲਾਇੰਸ’ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਦਿਤਾ।
ਸਿੱਖਿਆ, ਸਿਹਤ, ਮਹਿਲਾ ਮਜ਼ਬੂਤੀਕਰਨ ਅਤੇ ਸੂਰਜੀ ਊਰਜਾ ਵਰਗੇ ਖੇਤਰਾਂ ਵਿਚ 40 ਦੇਸ਼ਾਂ ਵਿਚ ਪ੍ਰਾਜੈਕਟਾਂ ਦਾ ਸਮਰਥਨ ਕਰਨ ਵਿਚ ਆਈ.ਬੀ.ਐੱਸ.ਏ. ਫੰਡ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਦੱਖਣ-ਦੱਖਣ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਜਲਵਾਯੂ ਅਨੁਕੂਲ ਖੇਤੀਬਾੜੀ ਲਈ ਆਈ.ਬੀ.ਐੱਸ.ਏ. ਫੰਡ ਦਾ ਵੀ ਪ੍ਰਸਤਾਵ ਦਿਤਾ।
ਮੋਦੀ ਨੇ ਆਈ.ਬੀ.ਐੱਸ.ਏ. ਦੀ ਬੈਠਕ ਨੂੰ ਸਮੇਂ ਸਿਰ ਦਸਿਆ ਕਿਉਂਕਿ ਇਹ ਅਫਰੀਕੀ ਧਰਤੀ ਉਤੇ ਪਹਿਲੇ ਜੀ-20 ਸੰਮੇਲਨ ਦੇ ਨਾਲ ਮੇਲ ਖਾਂਦਾ ਹੈ ਅਤੇ ਗਲੋਬਲ ਸਾਊਥ ਦੇਸ਼ਾਂ ਵਲੋਂ ਲਗਾਤਾਰ ਚਾਰ ਜੀ-20 ਪ੍ਰਧਾਨਗੀਆਂ ਦੀ ਸਮਾਪਤੀ ਨੂੰ ਦਰਸਾਇਆ, ਜਿਨ੍ਹਾਂ ’ਚੋਂ ਆਖਰੀ ਤਿੰਨ ਆਈ.ਬੀ.ਐੱਸ.ਏ. ਮੈਂਬਰਾਂ ਵਲੋਂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਮਾਨਵ-ਕੇਂਦ੍ਰਿਤ ਵਿਕਾਸ, ਬਹੁਪੱਖੀ ਸੁਧਾਰ ਅਤੇ ਟਿਕਾਊ ਵਿਕਾਸ ਉਤੇ ਕੇਂਦ੍ਰਿਤ ਕਈ ਮਹੱਤਵਪੂਰਨ ਪਹਿਲਾਂ ਹੋਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈ.ਬੀ.ਐੱਸ.ਏ. ਸਿਰਫ਼ ਤਿੰਨ ਦੇਸ਼ਾਂ ਦਾ ਸਮੂਹ ਨਹੀਂ ਹੈ, ਬਲਕਿ ਤਿੰਨ ਮਹਾਦੀਪਾਂ, ਤਿੰਨ ਪ੍ਰਮੁੱਖ ਲੋਕਤੰਤਰੀ ਦੇਸ਼ਾਂ ਅਤੇ ਤਿੰਨ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਮੰਚ ਹੈ। ਮੋਦੀ ਨੇ ਅਗਲੇ ਸਾਲ ਭਾਰਤ ’ਚ ਹੋਣ ਵਾਲੇ ‘ਏ.ਆਈ. ਇਮਪੈਕਟ ਸੰਮੇਲਨ’ ’ਚ ਆਈ.ਬੀ.ਐੱਸ.ਏ. ਦੇ ਨੇਤਾਵਾਂ ਨੂੰ ਸੱਦਾ ਦਿਤਾ।
ਬਾਅਦ ’ਚ, ਸੋਸ਼ਲ ਮੀਡੀਆ ਉਤੇ ਇਕ ਪੋਸਟ ’ਚ, ਮੋਦੀ ਨੇ ਕਿਹਾ ਕਿ ਆਈ.ਬੀ.ਐੱਸ.ਏ. ‘ਗਲੋਬਲ ਸਾਊਥ ਦੀ ਆਵਾਜ਼ ਅਤੇ ਇੱਛਾਵਾਂ ਨੂੰ ਮਜ਼ਬੂਤ ਕਰਨ ਲਈ ਸਾਡੀ ਸਥਾਈ ਵਚਨਬੱਧਤਾ ਨੂੰ ਦਰਸਾਉਂਦਾ ਹੈ। ਆਈ.ਬੀ.ਐੱਸ.ਏ. ਕੋਈ ਸਧਾਰਣ ਸਮੂਹ ਨਹੀਂ ਹੈ।
