
ਕਿਸੇ ਸਮੇਂ ਪੂਰੇ ਏਸ਼ੀਆ 'ਚ ਫੈਲਾਇਆ ਸੀ ਆਤੰਕ, ਚਾਰਲਸ ਦੇ ਕਾਰਨਾਮਿਆਂ 'ਤੇ ਬਣ ਚੁੱਕੀਆਂ ਹਨ ਕਈ ਫਿਲਮਾਂ
ਕਾਠਮਾਂਡੂ: ਭਾਰਤ-ਵੀਅਤਨਾਮੀ ਮੂਲ ਦੇ ਫਰਾਂਸੀਸੀ ਨਾਗਰਿਕ ਚਾਰਲਸ ਸੋਭਰਾਜ ਨੂੰ ਕਤਲ ਦੇ ਦੋਸ਼ ਵਿੱਚ 19 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸ਼ੁੱਕਰਵਾਰ ਨੂੰ ਨੇਪਾਲ ਦੀ ਇੱਕ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਜਸਟਿਸ ਸਪਨਾ ਪ੍ਰਧਾਨ ਮੱਲਾ ਅਤੇ ਤਿਲਕ ਪ੍ਰਸਾਦ ਸ਼੍ਰੇਸ਼ਠ ਦੀ ਸਾਂਝੀ ਬੈਂਚ ਨੇ ਬੁੱਧਵਾਰ ਨੂੰ 78 ਸਾਲਾ ਚਾਰਲਸ ਸੋਭਰਾਜ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ, ਜੋ 1970 ਦੇ ਦਹਾਕੇ ਵਿੱਚ ਏਸ਼ੀਆ ਭਰ ਵਿੱਚ ਅਨੇਕਾਂ ਕਤਲਾਂ ਲਈ ਜ਼ਿੰਮੇਵਾਰ ਸੀ। ਕੋਰਟ ਨੇ 78 ਸਾਲਾ ਚਾਰਲਸ ਦੀ ਉਮਰ ਦਾ ਹਵਾਲਾ ਦਿੰਦਿਆਂ ਦੋ ਉੱਤਰੀ ਅਮਰੀਕੀ ਸੈਲਾਨੀਆਂ ਦੀ ਹੱਤਿਆ ਦੇ ਦੋਸ਼ੀ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ 2003 ਤੋਂ ਹਿਮਾਲੀਅਨ ਗਣਰਾਜ ਵਿੱਚ ਜੇਲ੍ਹ ਵਿੱਚ ਬੰਦ ਹੈ। ਇੱਕ ਸਮੇਂ ਏਸ਼ੀਆ ਭਰ 'ਚ ਦਹਿਸ਼ਤ ਫੈਲਾਉਣ ਵਾਲੇ ਚਾਰਲਸ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰਦਿਆਂ ਕੋਰਟ ਨੇ ਕਿਹਾ ਕਿ ਉਸ ਨੂੰ ਲਗਾਤਾਰ ਜੇਲ੍ਹ ਵਿੱਚ ਰੱਖਣਾ, ਕੈਦੀ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਉਸ ਦੀ ਰਿਹਾਈ ਵਿਚ ਇਕ ਦਿਨ ਦੀ ਦੇਰੀ ਹੋ ਗਈ ਕਿਉਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਰਵਾਰ ਨੂੰ ਉਸ ਨੂੰ ਰਹਿਣ ਲਈ ਜਗ੍ਹਾ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਤੱਕ ਉਸ ਦੀ ਰਿਹਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ। ਅਜਿਹਾ ਇਸ ਲਈ ਹੋਇਆ ਕਿਉਂਕਿ ਇਮੀਗ੍ਰੇਸ਼ਨ ਵਿਭਾਗ ਵਿਚ ਉਸ ਲਈ ਵੱਖਰਾ ਕਮਰਾ ਤਿਆਰ ਨਹੀਂ ਸੀ, ਜਿੱਥੇ ਸੋਭਰਾਜ ਨੂੰ ਦੇਸ਼ ਨਿਕਾਲੇ ਲਈ ਭੇਜਿਆ ਜਾਣਾ ਸੀ। ਸੁਪਰੀਮ ਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਜੇਕਰ ਉਹ ਕਿਸੇ ਹੋਰ ਮਾਮਲੇ ਵਿੱਚ ਲੋੜੀਂਦਾ ਨਾ ਹੋਵੇ ਤਾਂ ਉਸ ਨੂੰ 15 ਦਿਨ ਅੰਦਰ ਪਾਸਪੋਰਟ ਜਾਰੀ ਕਰਨ ਵਾਲੇ ਦੇਸ਼ 'ਚ ਡਿਪੋਰਟ ਕਰ ਦਿੱਤਾ ਜਾਵੇ।
ਕੌਣ ਹੈ ਚਾਰਲਸ ਸੋਭਰਾਜ?
The serpent, bikini killer ਤੇ ਫ੍ਰੈਂਚ ਸੀਰੀਅਲ ਕਿਲਰ ਦੇ ਨਾਂਅ ਵਜੋਂ ਬਦਨਾਮ ਚਾਰਲਸ ਸੋਭਰਾਜ ਕਾਨੂੰਨ ਨੂੰ ਧੋਖਾ ਦੇਣ ਅਤੇ ਪਕੜ ਤੋਂ ਬਾਹਰ ਨਿਕਲਣ ਦੀ ਆਪਣੀ ਯੋਗਤਾ ਲਈ ਜਾਣਿਆ ਜਾਂਦਾ ਸੀ। ਉਸ ਦੀ ਅਪਰਾਧ ਦੀ ਜ਼ਿੰਦਗੀ ਕਲਪਨਾ ਨਾਲੋਂ ਵੀ ਕਿਤੇ ਖਤਰਨਾਕ ਸੀ - ਦੱਖਣੀ ਏਸ਼ੀਆ ਦੇ ਹਿੱਪੀ ਟ੍ਰੇਲ 'ਤੇ ਇੱਕ ਕਤਲੇਆਮ, ਕਈ ਸਾਲਾਂ ਤੋਂ ਬਚ ਕੇ ਭੱਜਣਾ, ਇੰਟਰਪੋਲ ਦੀ ਸਭ ਤੋਂ ਵੱਧ Wanted list ਵਿੱਚ ਹੋਣਾ, ਜੇਲ੍ਹ ਬਰੇਕ ਕਰਨਾ, ਪਰ ਅੱਜ ਤੱਕ ਉਸ ਨੂੰ ਆਪਣੇ ਕੀਤੇ ਕਤਲਾਂ ਦਾ ਕੋਈ ਪਛਤਾਵਾ ਨਹੀਂ।
1970 'ਚ ਚੋਰੀ ਤੇ ਹੋਰ ਛੋਟੇ ਮੋਟੇ ਕਾਰਨਾਮਿਆਂ ਲਈ 8 ਮਹੀਨੇ ਜੇਲ੍ਹ 'ਚ ਕੱਟਣ ਤੋਂ ਬਾਅਦ ਚਾਰਲਸ ਵਿਆਹ ਕਰਵਾ ਕੇ ਏਸ਼ੀਆ ਆ ਗਿਆ। ਚਾਰਲਸ ਨੇ ਆਪਣੀਆਂ ਅਪਰਾਧਿਕ ਗਤੀਵਿਧੀਆਂ ਨੂੰ ਵਧਾਇਆ ਅਤੇ ਜੇਲ੍ਹ ਤੋਂ ਬਾਹਰ ਨਿਕਲਣ ਦੀਆਂ ਯੋਜਨਾਵਾਂ ਬਣਾਉਣ ਦਾ ਮਾਸਟਰ ਵੀ ਬਣ ਗਿਆ। ਜਦੋਂ ਚਾਰਲਸ ਥਾਈਲੈਂਡ ਵਿੱਚ ਸੀ ਤਾਂ ਉਸ ਨੇ ਇੱਕ ਭਾਰਤੀ ਨੌਜਵਾਨ ਅਜੈ ਚੌਧਰੀ ਨਾਲ ਮਿਲ ਕੇ ਆਪਣਾ ਪਹਿਲਾ ਕਤਲ ਕੀਤਾ। ਉਸ ਦੀ ਪਹਿਲੀ ਸ਼ਿਕਾਰ ਇੱਕ ਬੈਕਪੈਕਰ ਟੇਰੇਸਾ ਨੌਲਟਨ ਸੀ ਜੋ 1975 ਵਿੱਚ ਇੱਕ ਪੂਲ ਵਿੱਚ ਡੁੱਬੀ ਹੋਈ ਪਾਈ ਗਈ ਸੀ। ਉਸ ਨੇ ਇੱਕ ਬਿਕਨੀ ਪਹਿਨੀ ਹੋਈ ਸੀ, ਜਿਵੇਂ ਕਿ ਚਾਰਲਸ ਦੇ ਭਵਿੱਖ ਦੇ ਪੀੜਤਾਂ ਦੀ ਤਰ੍ਹਾਂ, ਜਿਸ ਤੋਂ ਉਸ ਨੂੰ ਨਾਮ ਮਿਲਿਆ ਬਿਕਨੀ ਕਿਲਰ।
ਫਿਰ ਉਸ ਦੀ ਮੁਲਾਕਾਤ ਮੈਰੀ-ਐਂਡਰੇ ਲੇਕਲਰਕ ਨਾਲ ਹੋਈ, ਜੋ ਉਸ ਦੀ ਸਾਥੀ ਬਣ ਗਈ। ਮੰਨਿਆ ਜਾਂਦਾ ਹੈ ਕਿ ਚਾਰਲਸ ਨੇ 1970 ਦੇ ਦਹਾਕੇ ਵਿੱਚ ਦੱਖਣ-ਪੂਰਬੀ ਏਸ਼ੀਆ ਵਿੱਚ ਹਿੱਪੀ ਟ੍ਰੇਲ 'ਤੇ ਘੱਟੋ-ਘੱਟ 12 ਬੈਕਪੈਕਰਾਂ ਨੂੰ ਮਾਰਿਆ ਸੀ। ਉਹ ਆਪਣੇ ਸ਼ਿਕਾਰ ਨੂੰ ਜ਼ਹਿਰ ਦਿੰਦਾ, ਡੁਬੋ ਦਿੰਦਾ, ਉਨ੍ਹਾਂ ਦਾ ਗਲਾ ਘੁੱਟ ਦਿੰਦਾ, ਤੇ ਕਈ ਵਾਰ ਜ਼ਿੰਦਾ ਵੀ ਸਾੜ ਦਿੰਦਾ ਸੀ। ਚਾਰਲਸ ਸੋਭਰਾਜ ਫਿਰ ਭਾਰਤ ਆਇਆ। ਉਸ ਨੇ ਨਵੀਂ ਦਿੱਲੀ ਵਿੱਚ ਇੱਕ ਫਰਾਂਸੀਸੀ ਟੂਰ ਪਾਰਟੀ ਦੇ 22 ਮੈਂਬਰਾਂ ਨੂੰ ਨਸ਼ੀਲਾ ਪਦਾਰਥ ਦੇਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ।
1976 ਵਿੱਚ ਕਤਲੇਆਮ ਦੇ ਦੋਸ਼ ਵਿੱਚ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇੱਥੇ ਉਸ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਰਿਸ਼ਵਤ ਦੇ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕੀਤੀ। ਤਿਹਾੜ ਵਿੱਚ ਜੇਲ੍ਹ ਕੱਟਣ ਬਾਰੇ ਸੋਭਰਾਜ ਨੇ ਇਹ ਵੀ ਕਿਹਾ ਸੀ ਉਸ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਤਾਲਿਬਾਨ ਲਈ ਹਥਿਆਰਾਂ ਦੇ ਵਪਾਰੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਅਜ਼ਹਰ ਨੂੰ ਭਾਰਤ ਦੀ ਸੰਸਦ 'ਤੇ ਹਮਲੇ ਦੇ ਮਾਸਟਰਮਾਈਂਡ ਲਈ ਦੋਸ਼ੀ ਠਹਿਰਾਇਆ ਗਿਆ ਸੀ।
10 ਸਾਲ ਬਾਅਦ, ਜਿਵੇਂ ਉਸ ਦੀ ਸਜ਼ਾ ਖਤਮ ਹੋਣ ਵਾਲੀ ਸੀ, ਉਹ ਜੇਲ੍ਹ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਗੋਆ ਚਲਾ ਗਿਆ ਜਿੱਥੇ ਉਸ ਨੂੰ ਕਾਬੂ ਕਰ ਲਿਆ ਗਿਆ। ਚਾਰਲਸ ਸੋਭਰਾਜ 1997 ਆਜ਼ਾਦ ਆਦਮੀ ਬਣ ਗਿਆ ਸੀ। ਫਿਰ ਉਹ ਮੀਡੀਆ ਸਟਾਰ ਬਣ ਗਿਆ, ਇੰਟਰਵਿਊਆਂ ਲਈ ਪੱਤਰਕਾਰਾਂ ਤੋਂ ਪੈਸੇ ਲੈ ਕੇ, ਆਪਣੀ ਜ਼ਿੰਦਗੀ ਦੀ ਕਹਾਣੀ ਵੇਚ ਕੇ ਉਸ ਨੇ ਲੱਖਾਂ ਦੀ ਕਮਾਈ ਕੀਤੀ। ਹਾਲਾਂਕਿ, 2003 ਵਿੱਚ, ਚਾਰਲਸ ਨੇ ਨੇਪਾਲ ਦੀ ਯਾਤਰਾ ਕਰਨ ਦਾ ਫੈਸਲਾ ਲਿਆ, ਜਿੱਥੇ ਉਹ ਗ੍ਰਿਫਤਾਰ ਹੋਇਆ ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਚਾਰਲਸ ਦੀ ਜ਼ਿੰਦਗੀ 'ਤੇ ਕਈ ਫਿਲਮਾਂ ਤੇ ਸੀਰੀਜ਼ ਬਣੀਆਂ। ਅਪ੍ਰੈਲ 2021 'ਚ Netflix ਨੇ ਚਾਰਲਸ ਦੀ ਅਪਰਾਧ ਭਰੀ ਜ਼ਿੰਦਗੀ 'ਤੇ ਲੋਕਾਂ ਦੀ ਝਾਤ ਪਾਉਣ ਲਈ The Serpent ਨਾਮ ਦੀ ਸੀਰੀਜ਼ ਰਿਲੀਜ਼ ਕੀਤੀ। ਰਣਦੀਪ ਹੁੱਡਾ ਨੇ 2015 ਦੀ ਫਿਲਮ ਮੈਂ ਔਰ ਚਾਰਲਸ ਵਿੱਚ ਚਾਰਲਸ ਸੋਭਰਾਜ ਦੀ ਭੂਮਿਕਾ ਵੀ ਨਿਭਾਈ, ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਸੀਰੀਅਲ ਕਿਲਰ ਨੇ ਅਣਗਿਣਤ ਅਪਰਾਧ ਕਰਨ ਅਤੇ ਜੇਲ੍ਹ ਤੋਂ ਉਸ ਦੇ ਕਈ ਵਾਰ ਭੱਜਣ ਲਈ ਆਪਣੇ ਦਿਮਾਗ ਦੀ ਵਰਤੋਂ ਕੀਤੀ।
2008 ਵਿੱਚ ਜੇਲ੍ਹ ਵਿੱਚ, ਸੋਭਰਾਜ ਨੇ ਨਿਹਿਤਾ ਬਿਸਵਾਸ ਨਾਲ ਵਿਆਹ ਕੀਤਾ, ਜੋ ਕਿ ਉਸ ਤੋਂ 44 ਸਾਲ ਛੋਟੀ ਹੈ ਅਤੇ ਉਸ ਦੇ ਨੇਪਾਲੀ ਵਕੀਲ ਦੀ ਧੀ ਹੈ। ਦੱਸ ਦੇਈਏ ਕਿ ਸੋਭਰਾਜ ਨੇ 1972 ਅਤੇ 1976 ਦੇ ਵਿਚਕਾਰ ਘੱਟੋ-ਘੱਟ 12 ਕਤਲਾਂ ਨੂੰ ਅੰਜਾਮ ਦਿੱਤਾ, ਅਗਲੇ ਅਦਾਲਤੀ ਕੇਸਾਂ ਤੋਂ ਪਹਿਲਾਂ ਇਕਬਾਲੀਆ ਬਿਆਨ ਵਾਪਸ ਲੈਣ ਤੋਂ ਪਹਿਲਾਂ ਇੰਟਰਵਿਊਰਸ ਨੂੰ ਹੋਰ ਕਤਲਾਂ ਬਾਰੇ ਵੀ ਸੰਕੇਤ ਦਿੱਤਾ। ਪਰ ਅੱਜ ਤੱਕ ਉਸ ਦੇ ਅਪਰਾਧਾਂ ਦੀ ਅਸਲ ਗਿਣਤੀ ਕਿਸੇ ਨੂੰ ਨਹੀਂ ਪਤਾ।