
ਪੁਲਿਸ ਨੇ 69 ਸਾਲਾ ਹਮਲਾਵਰ ਨੂੰ ਕੀਤਾ ਗ੍ਰਿਫ਼ਤਾਰ
ਪੈਰਿਸ: ਫਰਾਂਸ ਦੀ ਰਾਜਧਾਨੀ ਪੈਰਿਸ 'ਚ ਗੋਲੀਬਾਰੀ ਦੀ ਘਟਨਾ ਹੋਈ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 4 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ 69 ਸਾਲਾ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਥਾਨਕ ਮੀਡੀਆ ਨੇ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਇੱਕ ਅਧਿਕਾਰੀ ਨੇ ਦੱਸਿਆ- ਸੈਂਟਰਲ ਪੈਰਿਸ ਦੇ ਸੇਂਟ ਡੇਨਿਸ ਮਾਰਕੀਟ ਵਿੱਚ ਗੋਲੀਬਾਰੀ ਹੋਈ। ਇਸ ਘਟਨਾ 'ਚ 4 ਲੋਕ ਜ਼ਖ਼ਮੀ ਹੋ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਬਾਜ਼ਾਰ ਬੰਦ ਹੈ। ਪੈਰਿਸ ਪੁਲਿਸ ਵਲੋਂ ਸੋਸ਼ਲ ਮੀਡੀਆ 'ਤੇ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਨੇ ਸਾਨੂੰ ਪਰੇਸ਼ਾਨ ਕੀਤਾ ਹੈ। ਅਸੀਂ ਹਰ ਨਾਗਰਿਕ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਵਾਅਦਾ ਕਰਦੇ ਹਾਂ। ਫਿਲਹਾਲ ਆਮ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇੱਥੇ ਇੱਕ ਵਿਅਕਤੀ ਨੇ ਫਾਇਰਿੰਗ ਕੀਤੀ ਹੈ। ਅਸੀਂ ਉਸ ਨੂੰ ਤੁਰੰਤ ਕਾਬੂ ਕਰ ਲਿਆ।
ਇੱਕ ਸਥਾਨਕ ਵਪਾਰੀ ਨੇ ਦੱਸਿਆ- ਇੱਕ ਵਿਅਕਤੀ ਨੇ ਅਚਾਨਕ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ 8 ਗੋਲੀਆਂ ਦੀ ਆਵਾਜ਼ ਸੁਣੀ। ਦੇਸ਼ ਦੀ ਰਾਜਧਾਨੀ ਅਤੇ ਇੱਕ ਵੱਡੇ ਬਾਜ਼ਾਰ ਵਿੱਚ ਇਸ ਤਰ੍ਹਾਂ ਦੀ ਘਟਨਾ ਚਿੰਤਾਜਨਕ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਅੱਤਵਾਦੀ ਹਮਲਾ ਹੈ ਜਾਂ ਕਿਸੇ ਪਾਗਲ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।