ਪਤੀ ਨੇ ਪਤਨੀ ਸਮੇਤ ਆਪਣੇ 4 ਰਿਸ਼ਤੇਦਾਰਾਂ ਨੂੰ ਉਤਾਰਿਆ ਮੌਤ ਦੇ ਘਾਟ
ਜਾਰਜੀਆ : ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਕਥਿਤ ਪਰਿਵਾਰਕ ਝਗੜੇ ਦੇ ਚਲਦਿਆਂ ਹੋਈ ਗੋਲੀਬਾਰੀ ਦੌਰਾਨ 4 ਭਾਰਤੀ ਮੂਲ ਦੇ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਵਿਜੇ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ 'ਤੇ ਕਤਲ ਅਤੇ ਬੱਚਿਆਂ ਨਾਲ ਦੁਰਵਿਵਹਾਰ ਕਰਨ ਵਰਗੇ ਗੰਭੀਰ ਇਲਜ਼ਾਮ ਹਨ।
ਪ੍ਰਾਪਤ ਹੋਈ ਜਾਣਕਾਰੀ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਘਰ ’ਚ ਤਿੰਨ ਬੱਚੇ ਵੀ ਮੌਜੂਦ ਸਨ ਜਿਨ੍ਹਾਂ ਨੇ ਲੁਕ ਕੇ ਆਪਣੀ ਜਾਨ ਬਚਾਈ । ਅਟਲਾਂਟਾ ਵਿੱਚ ਭਾਰਤੀ ਸਫਾਰਤਖਾਨੇ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਸਥਾਨਕ ਮੀਡੀਆ ਅਨੁਸਾਰ ਮੁਲਜ਼ਮ ਦੀ ਪਛਾਣ ਅਟਲਾਂਟਾ ਦੇ ਵਿਜੇ ਕੁਮਾਰ ਵਜੋਂ ਹੋਈ ਹੈ ਅਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਮ੍ਰਿਤਕਾਂ ’ਚ ਵਿਜੇ ਕੁਮਾਰ ਦੀ ਪਤਨੀ ਮੀਮੂ ਡੋਗਰਾ (43 ਸਾਲਾ), ਗੌਰਵ ਕੁਮਾਰ (33 ਸਾਲਾ), ਨਿਧੀ ਚੰਦਰ (37 ਸਾਲਾ) ਅਤੇ ਹਰੀਸ਼ ਚੰਦਰ (38 ਸਾਲਾ) ਸ਼ਾਮਲ ਹਨ।
