
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ‘ਤੇ ਰੂਸੀ ਹਮਲਿਆਂ ‘ਚ ਕਰੀਬ 40 ਲੋਕ ਮਾਰੇ ਗਏ ਹਨ।
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਸਲਾਹਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ‘ਤੇ ਰੂਸੀ ਹਮਲਿਆਂ ‘ਚ ਕਰੀਬ 40 ਲੋਕ ਮਾਰੇ ਗਏ ਹਨ। ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇ ਕਿਹਾ ਕਿ ਹਮਲੇ 'ਚ ਕਈ ਲੋਕ ਜ਼ਖਮੀ ਹੋਏ ਹਨ। ਉਹਨਾਂ ਨੇ ਇਹ ਨਹੀਂ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਆਮ ਨਾਗਰਿਕ ਸ਼ਾਮਲ ਹਨ ਜਾਂ ਨਹੀਂ।
ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨੀ ਅਧਿਕਾਰੀ ਦੇਸ਼ ਦੀ ਰੱਖਿਆ ਕਰਨ ਲਈ ਤਿਆਰ ਸਾਰੇ ਲੋਕਾਂ ਨੂੰ ਹਥਿਆਰ ਸੌਂਪਣਗੇ। ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਦਾ ਭਵਿੱਖ ਹਰੇਕ ਯੂਕਰੇਨੀ 'ਤੇ ਨਿਰਭਰ ਕਰਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜੋ ਵੀ ਦੇਸ਼ ਦੀ ਰੱਖਿਆ ਕਰਨਾ ਚਾਹੁੰਦਾ ਹੈ, ਅਸੀਂ ਉਸ ਨੂੰ ਹਥਿਆਰ ਦੇਵਾਂਗੇ। ਯੂਕਰੇਨ ਦਾ ਸਮਰਥਨ ਕਰਨ ਲਈ ਤਿਆਰ ਰਹੋ। ਰਾਸ਼ਟਰਪਤੀ ਜ਼ੇਲੇਨਸਕੀ ਦੇ ਸਲਾਹਕਾਰ ਏਰੇਸਟੋਵਿਚ ਨੇ ਕਿਹਾ ਕਿ ਰੂਸ ਨੇ ਹਵਾਈ ਅੱਡਿਆਂ ਅਤੇ ਹੋਰ ਕਈ ਹੋਰ ਫੌਜੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਇਸ ਦੇ ਨਾਲ ਹੀ ਯੂਕਰੇਨ ਨੇ ਰੂਸ ਦੇ 50 ਸੈਨਿਕਾਂ ਨੂੰ ਮਾਰਨ ਅਤੇ 6 ਲੜਾਕੂ ਜਹਾਜ਼ਾਂ-ਟੈਂਕਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਦੇ ਇਕ ਹੋਰ ਸਲਾਹਕਾਰ ਮਾਈਖਾਈਲੋ ਪੋਡੋਲਿਕ ਨੇ ਕਿਹਾ ਹੈ ਕਿ ਰੂਸੀ ਫੌਜਾਂ ਨੇ ਉੱਤਰ, ਪੂਰਬ ਅਤੇ ਦੱਖਣ ਤੋਂ ਯੂਕਰੇਨ 'ਤੇ ਹਮਲੇ ਸ਼ੁਰੂ ਕੀਤੇ ਹਨ। ਸਲਾਹਕਾਰ ਨੇ ਕਿਹਾ, “ਯੂਕਰੇਨੀ ਫੌਜ ਜਵਾਬੀ ਕਾਰਵਾਈ ਕਰ ਰਹੀ ਹੈ”।