
ਆਉ ਆਪਾਂ ਇਕ ਬਿਹਤਰ ਭਵਿੱਖ ਲਈ ਇਕੱਠੇ ਕੰਮ ਕਰੀਏ : ਮੁਹੰਮਦ ਯੂਨਸ
ਢਾਕਾ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਚੋਟੀ ਦੇ ਅਮਰੀਕੀ ਕਾਰੋਬਾਰੀ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੂੰ ਦੇਸ਼ ਦਾ ਦੌਰਾ ਕਰਨ ਅਤੇ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰਨ ਲਈ ਸੱਦਾ ਦਿਤਾ ਹੈ।
ਯੂਨਸ ਨੇ 19 ਫ਼ਰਵਰੀ ਨੂੰ ਲਿਖੇ ਇਕ ਪੱਤਰ ਵਿਚ ਮਸਕ ਨੂੰ ਦਸਿਆ ਕਿ ਉਨ੍ਹਾਂ ਦੀ ਬੰਗਲਾਦੇਸ਼ ਫੇਰੀ ਉਨ੍ਹਾਂ ਨੂੰ ਨੌਜਵਾਨ ਬੰਗਲਾਦੇਸ਼ੀ ਮਰਦਾਂ ਅਤੇ ਔਰਤਾਂ ਨੂੰ ਮਿਲਣ ਦਾ ਮੌਕਾ ਦੇਵੇਗੀ, ਜੋ ਇਸ ਮੋਹਰੀ ਤਕਨਾਲੋਜੀ ਦੇ ਮੁੱਖ ਲਾਭਪਾਤਰੀਆਂ ਵਿਚੋਂ ਇਕ ਹੋਣਗੇ।
ਉਨ੍ਹਾਂ ਨੇ ਪੱਤਰ ਵਿਚ ਕਿਹਾ, ‘ਆਉ ਆਪਾਂ ਇਕ ਬਿਹਤਰ ਭਵਿੱਖ ਲਈ ਅਪਣੇ ਆਪਸੀ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਇਕੱਠੇ ਕੰਮ ਕਰੀਏ।’ ਸਰਕਾਰੀ ਸਮਾਚਾਰ ਏਜੰਸੀ ਬੀ.ਐਸ.ਐਸ. ਨੇ ਇਕ ਰਿਪੋਰਟ ਵਿਚ ਪੱਤਰ ਦੇ ਹਵਾਲੇ ਨਾਲ ਕਿਹਾ, ‘ਸਟਾਰਲਿੰਕ ਦੀ ਕਨੈਕਟੀਵਿਟੀ ਨੂੰ ਬੰਗਲਾਦੇਸ਼ ਦੇ ਬੁਨਿਆਦੀ ਢਾਂਚੇ ਵਿਚ ਜੋੜਨ ਨਾਲ ਇਕ ਪਰਿਵਰਤਨਸ਼ੀਲ ਪ੍ਰਭਾਵ ਪਵੇਗਾ।’
ਯੂਨਸ ਨੇ ਅਪਣੇ ਉੱਚ ਪ੍ਰਤੀਨਿਧੀ ਖਲੀਲੁਰ ਰਹਿਮਾਨ ਨੂੰ ਕਿਹਾ ਹੈ ਕਿ ਉਹ ਅਪਣੀ ਸਪੇਸਐਕਸ ਟੀਮ ਨਾਲ ਮਿਲ ਕੇ ਕੰਮ ਕਰਨ, ਤਾਂ ਕਿ ਅਗਲੇ 90 ਕਾਰਜਕਾਰੀ ਦਿਨਾਂ ਦੇ ਅੰਦਰ ਬੰਗਲਾਦੇਸ਼ ਵਿਚ ਸਟਾਰਲਿੰਕ ਦੀ ਸ਼ੁਰੂਆਤ ਲਈ ਜ਼ਰੂਰੀ ਕਾਰਜਾਂ ਨੂੰ ਪੂਰਾ ਕੀਤਾ ਜਾ ਸਕੇ। ਯੂਨਸ ਨੇ ਬੰਗਲਾਦੇਸ਼ ਵਿਚ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਸੰਬੰਧੀ 13 ਫ਼ਰਵਰੀ ਨੂੰ ਮਸਕ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ ਸੀ।