
ਹਰਿਮੰਦਰ ਸਾਹਿਬ ਦੀ ਇਕ ਪੇਟਿੰਗ ਵੀ ਪ੍ਰੀਮੀਅਰ ਕੈਥਲੀਨ ਵਿਨ ਨੂੰ ਭੇਂਟ ਕੀਤੀ ਗਈ
ਟੋਰਾਂਟੋ- ਓਂਟਾਰੀਓ ਦੀ ਪਾਰਲੀਅਮੈਂਟ ਕੁਵੀਨਜ਼ ਪਾਰਕ ਵਿਖੇ ਪੀ੍ਰਮੀਅਰ ਕੈਥਲੀਨ ਵਿਨ ਵਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਏ ਗਏ। ਅਜਿਹਾ ਖਾਲਸੇ ਦਾ ਸਾਜਨਾ ਦਿਵਸ ਤੇ ਸਿੱਖ ਹੈਰੀਟੇਜ ਮੰਥ ਮਨਾਉਣ ਲਈ ਕੀਤਾ ਗਿਆ। ਪੰਜਾਬੀ ਭਾਈਚਾਰੇ ਨਾਲ ਸਬੰਧਤ ਮਿਨਿਸਟਰ ਹਰਿੰਦਰ ਮੱਲ੍ਹੀ, ਐਮਪੀਪੀ ਹਰਿੰਦਰ ਤੱਖੜ, ਵਿਕ ਢਿੱਲੋ ਤੇ ਇਨ੍ਹਾਂ ਦੇ ਨਾਲ-ਨਾਲ ਓਟਾਰੀਓ ਸੂਬੇ ਦੇ ਅਟਾਰਨੀ ਜਨਰਲ, ਐਜੂਕੇਸ਼ਨ ਮਿਨਿਸਟਰ ਇੰਦਰਾ ਨਾਡੂ ਹੈਰਿਸ ਤੇ ਦੀਪਿਕਾ ਦਰਮੇਲ ਨੇ ਵੀ ਹਾਜ਼ਰੀ ਭਰੀ। ਕੱਲ੍ਹ ਨਾਰਥ ਯੋਰਕ ਵਿਚ ਹੋਏ ਹਾਦਸੇ ਕਾਰਨ ਪ੍ਰੀਮੀਅਰ ਕੈਥਲੀਨ ਵਿਨ ਭੋਗ ਪੈਣ ਤੋ ਬਾਅਦ ਹੀ ਸ਼ਾਮਲ ਹੋ ਸਕੀ। ਉਨ੍ਹਾਂ ਇਸ ਸਮੇ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਕੈਨੇਡਾ ਨੂੰ ਅਤੇ ਓਂਟਾਰੀਓ ਨੂੰ ਖਾਸ ਤੌਰ ਉਤੇ ਵੱਡੀ ਦੇਣ ਹੈ ਤੇ ਸਾਨੂੰ ਸਿੱਖ ਭਾਈਚਾਰੇ ਉਤੇ ਮਾਣ ਹੈ। ਇਸੇ ਤਰ੍ਹਾਂ ਹੀ ਸਾਬਕਾ ਮਿਨਿਸਟਰ ਹਰਿੰਦਰ ਤੱਖੜ ਨੇ ਨਵੇ ਉਮੀਦਵਾਰਾਂ ਦੀ ਵੀ ਜਾਣ-ਪਹਿਚਾਣ ਕਰਵਾਈ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਓਂਟਾਰੀਓ ਸਿਖਜ਼ ਐਂਡ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਗੁਰਬਿੰਦਰ ਰੰਧਾਵਾ, ਸਾਬਕਾ ਐਮਪੀ ਸਰਦਾਰ ਗੁਰਬਖਸ਼ ਸਿੰਘ ਮੱਲ੍ਹੀ, ਸਾਬਕਾ ਸਿਟੀ ਕੌਸਲਰ ਵਿੱਕੀ ਢਿੱਲੋਂ ਤੇ ਹੋਰ ਕਈ ਸਖ਼ਸੀਅਤਾ ਨੇ ਹਾਜਰੀ ਭਰੀ। ਇਸ ਮੌਕੇ ਸਿੱਖ ਆਰਟ ਮੋਜ਼ੇਕ ਤੋਂ ਹਰਜੀਤ ਸਿੰਘ ਸੰਧੂ ਵਲੋਂ ਤਿਆਰ ਕੀਤੀ ਹੋਈ ਹਰਿਮੰਦਰ ਸਾਹਿਬ ਦੀ ਇਕ ਪੇਟਿੰਗ ਵੀ ਪ੍ਰੀਮੀਅਰ ਕੈਥਲੀਨ ਵਿਨ ਨੂੰ ਭੇਂਟ ਕੀਤੀ ਗਈ।