
7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿਚ ਮੁੜ ਕੀਤਾ ਨਾਮਜਦ
ਬਰੈਂਪਟਨ: ਬਰੈਂਪਟਨ ਵੈਸਟ ਤੋਂ ਐਮਪੀਪੀ ਵਿੱਕ ਢਿੱਲੋਂ ਨੂੰ ਲਿਬਰਲ ਪਾਰਟੀ ਨੇ 7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿਚ ਮੁੜ ਨਾਮਜਦ ਕੀਤਾ ਹੈ। 49 ਸਾਲਾ ਢਿੱਲੋਂ, ਜੋ ਕਿ 2003 ਤੋਂ ਕੁਈਨਜ ਪਾਰਕ ਵਿੱਚ ਲਿਬਰਲ ਐਮਪੀਪੀ ਹਨ, ਪੰਜਵੇਂ ਕਾਰਜਕਾਲ ਲਈ ਕੋਸ਼ਿਸ ਕਰ ਰਹੇ ਹਨ। ਪਹਿਲੀ ਵਾਰੀ ਢਿੱਲੋਂ ਨੇ ਮਸਹੂਰ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀ ਟੋਨੀ ਕਲੇਮੈਂਟ ਨੂੰ ਹਰਾ ਕੇ ਇਹ ਸੀਟ ਜਿੱਤੀ ਸੀ। ਉਸ ਸਮੇਂ ਇਸ ਜਿੱਤ ਨੂੰ ਵੱਡਾ ਫੇਰਬਦਲ ਮੰਨਿਆ ਗਿਆ ਸੀ।
ਢਿੱਲੋਂ ਨੇ ਇੱਕ ਬਿਆਨ ਵਿੱਚ ਆਖਿਆ ਕਿ ਐਮਪੀਪੀ ਵਜੋਂ ਉਨ੍ਹਾਂ ਬਰੈਂਪਟਨ ਵਿੱਚ ਕਾਫੀ ਮਿਹਨਤ ਕੀਤੀ ਹੈ, ਭਾਵੇਂ ਪੋਸਟ ਸੈਕੰਡਰੀ ਕੈਂਪਸ ਦੀ ਗੱਲ ਹੋਵੇ, ਸਾਡੇ ਹਸਪਤਾਲਾਂ ਵਿੱਚ ਨਿਵੇਸ਼ ਵਿੱਚ ਵਾਧਾ ਕਰਨ ਦੀ ਗੱਲ ਹੋਵੇ ਤੇ ਜਾਂ ਫਿਰ ਸਾਡੀ ਕਮਿਊਨਿਟੀ ਲਈ ਟਰਾਂਜਿਟ ਤੇ ਟਰਾਂਸਪੋਰਟ ਇਨਫਰਾਸਟ੍ਰਕਚਰ ਵਿਚ ਸੁਧਾਰ ਕਰਨਾ ਹੋਵੇ, ਉਨ੍ਹਾਂ ਹਮੇਸ਼ਾ ਸਾਰਿਆਂ ਦੀ ਭਲਾਈ ਦਾ ਹੀ ਸੋਚਿਆ ਹੈ। ਉਨ੍ਹਾਂ ਆਖਿਆ ਕਿ ਪ੍ਰੀਮੀਅਰ ਕੈਥਲੀਨ ਵਿੰਨ ਦੀ ਟੀਮ ਲਈ ਮੁੜ ਚੋਣ ਲੜਨ ਦਾ ਜਿਹੜਾ ਸੁਭਾਗ ਉਨ੍ਹਾਂ ਨੂੰ ਮਿਲਿਆ ਹੈ ਉਹ ਇਸ ਲਈ ਬਹੁਤ ਖ਼ੁਸ਼ ਹਨ। ਹਾਲਾਂਕਿ ਢਿੱਲੋਂ ਕਦੇ ਵੀ ਕੈਬਨਿਟ ਦੇ ਕਿਸੇ ਅਹੁਦੇ ਤੇ ਨਹੀਂ ਰਹੇ ਪਰ ਉਨ੍ਹਾਂ ਕਈ ਮੰਤਰੀਆਂ ਦੇ ਪਾਰਲੀਆਮੈਂਟਰੀ ਅਸਿਸਟੈਂਟ ਵਜੋਂ ਕੰਮ ਜਰੂਰ ਕੀਤਾ ਹੈ। ਉਨ੍ਹਾਂ ਦਾ ਮੁਕਾਬਲਾ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਅਮਰਜੋਤ ਸੰਧੂ ਨਾਲ ਹੋਵੇਗਾ। ਅਜੇ ਤੱਕ ਐਨਡੀਪੀ ਜਾਂ ਗ੍ਰੀਨ ਪਾਰਟੀ ਨੇ ਆਪਣੇ ਉਮੀਦਵਾਰਾਂ ਦੇ ਨਾਂ ਨਹੀਂ ਐਲਾਨੇ ਹਨ।