
ਸੰਯੁਕਤ ਅਰਬ ਅਮੀਰਾਤ 'ਚ ਨੌਕਰੀ ਦੌਰਾਨ ਇਕ ਹਾਦਸੇ ਤੋਂ ਬਾਅਦ ਅਪਣੇ ਦੋਵੇਂ ਹੱਥ-ਪੈਰ ਗੁਆਉਣ ਵਾਲੇ ਸਿੱਖ ਵਿਅਕਤੀ ਨੂੰ ਅਪਣੇ ਰੁਜ਼ਗਾਰਦਾਤਾ ਤੋਂ 2,02,000 ਦਿਰਹਮ ...
ਦੁਬਈ: ਸੰਯੁਕਤ ਅਰਬ ਅਮੀਰਾਤ 'ਚ ਨੌਕਰੀ ਦੌਰਾਨ ਇਕ ਹਾਦਸੇ ਤੋਂ ਬਾਅਦ ਅਪਣੇ ਦੋਵੇਂ ਹੱਥ-ਪੈਰ ਗੁਆਉਣ ਵਾਲੇ ਸਿੱਖ ਵਿਅਕਤੀ ਨੂੰ ਅਪਣੇ ਰੁਜ਼ਗਾਰਦਾਤਾ ਤੋਂ 2,02,000 ਦਿਰਹਮ (ਲਗਭਗ 38 ਲੱਖ ਰੁਪਏ) ਦਾ ਮੁਆਵਜ਼ਾ ਮਿਲਿਆ।ਇਕ ਮੀਡੀਆ ਰੀਪੋਰਟ ਮੁਤਾਬਕ ਸਬੰਧਤ ਵਿਅਕਤੀ ਨੂੰ ਇਹ ਮੁਆਵਜ਼ਾ ਅਬੂ ਧਾਬੀ 'ਚ ਭਾਰਤੀ ਸਫ਼ਾਰਤਖ਼ਾਨੇ ਦੀ ਦਖ਼ਲਅੰਦਾਜੀ ਤੋਂ ਬਾਅਦ ਮਿਲਿਆ ਹੈ।
ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਅਬੂ ਧਾਬੀ ਦੀ ਇਕ ਨਿਜੀ ਕੰਪਨੀ 'ਚ ਕਰੇਨ ਚਾਲਕ ਵਜੋਂ ਕੰਮ ਕਰਦਾ ਸੀ। ਕੰਮ ਦੌਰਾਨ ਉਸ ਦੇ ਗੋਡੇ 'ਚ ਸੱਟ ਲੱਗਣ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ। ਬਾਅਦ 'ਚ ਕੀਟਾਣੂ ਫ਼ੈਲਣ ਕਾਰਨ ਉਸ ਦੇ ਦੋਵੇਂ ਹੱਥ-ਪੈਰ ਵੱਢਣੇ ਪਏ ਸਨ।'ਖ਼ਲੀਜ ਟਾਈਮਜ਼' ਦੀ ਰੀਪੋਰਟ ਮੁਤਾਬਕ ਗੁਰਵਿੰਦਰ ਸਿੰਘ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ ਪਹਿਲਾਂ ਹੀ ਨੌਕਰੀ ਤੋਂ ਕੱਢ ਦਿਤਾ ਗਿਆ ਅਤੇ ਇਲਾਜ ਲਈ ਸਿਰਫ਼ 5750 ਰੁਪਏ ਦਿਤੇ ਗਏ ਸਨ।
ਅਖ਼ਬਾਰ ਦੀ ਖ਼ਬਰ ਮੁਤਾਬਕ ਜਦੋਂ ਇਸ ਦੀ ਜਾਣਕਾਰੀ ਭਾਰਤੀ ਸਫ਼ਾਰਤਖ਼ਾਨੇ ਨੂੰ ਮਿਲੀ ਤਾਂ ਉਨ੍ਹਾਂ ਨੇ ਗੁਰਵਿੰਦਰ ਦੇ ਕੰਪਨੀ ਮਾਲਕਾਂ ਨਾਲ ਗੱਲਬਾਤ ਕੀਤੀ। ਸਫ਼ਾਰਤਖ਼ਾਨੇ ਦੇ ਅਧਿਕਾਰੀ ਲਗਾਤਾਰ ਕੰਪਨੀ ਮਾਲਕਾਂ ਨਾਲ ਸੰਪਰਕ ਕਰਦੇ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਤਮ ਨਿਪਟਾਰੇ ਦੀ ਰਕਮ ਲਗਭਗ 38 ਲੱਖ ਰੁਪਏ ਦੇਣੀ ਪਈ। (ਪੀਟੀਆਈ)