
ਸੰਯੁਕਤ ਰਾਸ਼ਟਰ 'ਚ ਅਮਰੀਕੀ ਸਫ਼ੀਰ ਨਿੱਕੀ ਹੈਲੀ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਸਾਥੀ ਦੇਸ਼ ਸੀਰੀਆ 'ਤੇ ਦਖਣੀ-ਪਛਮੀ ਸੀਰੀਆ ਵਿਚ ਜੰਗਬੰਦੀ...
ਸੰਯੁਕਤ ਰਾਸ਼ਟਰ, ਸੰਯੁਕਤ ਰਾਸ਼ਟਰ 'ਚ ਅਮਰੀਕੀ ਸਫ਼ੀਰ ਨਿੱਕੀ ਹੈਲੀ ਨੇ ਰੂਸ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਸਾਥੀ ਦੇਸ਼ ਸੀਰੀਆ 'ਤੇ ਦਖਣੀ-ਪਛਮੀ ਸੀਰੀਆ ਵਿਚ ਜੰਗਬੰਦੀ ਬਰਕਰਾਰ ਰੱਖਣ ਲਈ ਦਬਾਅ ਪਾਵੇ। ਪਿਛਲੇ ਸਾਲ ਜੋਰਡਨ, ਰੂਸ ਅਤੇ ਸੰਯੁਕਤ ਰਾਸ਼ਟਰ ਇਸ ਗੱਲ 'ਤੇ ਸਹਿਮਤ ਹੋਏ ਸਨ ਕਿ ਡੇਰਾ, ਕਿਊਨੇਤਰਾ ਅਤੇ ਸਵਿਡਾ ਵਰਗੇ ਖੇਤਰਾਂ ਨੂੰ ਮਿਲਾ ਕੇ ਡਿ-ਐਸਕੇਲੇਸ਼ਨ ਜ਼ੋਨ ਬਣਾਇਆ ਜਾਵੇ।
ਇਹ ਅਜਿਹਾ ਖੇਤਰ ਹੁੰਦਾ ਹੈ ਜਿਥੇ ਯੁੱਧ ਕਰਨ 'ਤੇ ਰੋਕ ਹੁੰਦੀ ਹੈ। ਇਹ ਖੇਤਰ ਜਾਰਡਨ ਅਤੇ ਇਜ਼ਰਾਇਲ ਦੇ ਗੋਲਨਾ ਹਾਈਟ ਸਰਹੱਦ ਨੇੜੇ ਹੈ। ਹੈਲੀ ਨੇ ਕੱਲ ਇਕ ਬਿਆਨ 'ਚ ਕਿਹਾ, ''ਦਖਣੀ-ਪਛਮੀ ਸੀਰੀਆ 'ਚ ਸੀਰੀਆ ਸਰਕਾਰ ਵਲੋਂ ਕੀਤੀ ਗਈ ਜੰਗਬੰਦੀ ਦੇ ਉਲੰਘਣ ਨੂੰ ਰੋਕਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਰੂਸ ਨੇ ਜਿਸ ਜੰਗਬੰਦੀ ਨੂੰ ਸਥਾਪਤ ਕਰਨ 'ਚ ਮਦਦ ਕੀਤੀ ਸੀ,
ਉਹ ਉਸ ਦਾ ਆਦਰ ਕਰੇਗਾ ਅਤੇ ਅਪਣੇ ਪ੍ਰਭਾਵਾਂ ਦੀ ਵਰਤੋਂ ਕਰਦੇ ਹੋਏ ਸੀਰੀਆਈ ਸਰਕਾਰ ਨੂੰ ਵੀ ਅਜਿਹਾ ਕਰਨ ਤੋਂ ਰੋਕੇਗਾ।''ਨਿੱਕੀ ਨੇ ਕਿਹਾ ਕਿ ਜੇ ਅੱਗੇ ਸੰਘਰਸ਼ ਵਿਰਾਮ ਦਾ ਉਲੰਘਣ ਹੁੰਦਾ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਰੂਸ ਦੀ ਹੋਵੇਗੀ।'' ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 27 ਜੂਨ ਨੂੰ ਸੀਰੀਆਈ ਮਾਮਲਿਆਂ 'ਤੇ ਚਰਚਾ ਕਰੇਗੀ। (ਪੀਟੀਆਈ)