
ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਬੁੱਧਵਾਰ ਸਵੇਰੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ
Nepal Plane Crash : ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਬੁੱਧਵਾਰ ਸਵੇਰੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ਹਾਦਸੇ ਵਿਚ 18 ਲੋਕਾਂ ਦੀ ਮੌਤ ਹੋ ਗਈ ਹੈ। ਸੌਰਯਾ ਏਅਰਲਾਈਨਜ਼ ਦੇ ਇਸ ਹਵਾਈ ਜਹਾਜ਼ ਵਿੱਚ ਕੰਪਨੀ ਦੇ ਹੀ 17 ਮੁਲਾਜ਼ਮਾਂ ਸਮੇਤ 2 ਕਰੂ ਦੇ ਮੈਂਬਰ ਸਵਾਰ ਸਨ।
19 ਯਾਤਰੀਆਂ ਨੂੰ ਲੈ ਕੇ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੂਰਿਆ ਏਅਰਲਾਈਨਜ਼ ਦਾ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਜਹਾਜ਼ 'ਚ ਕੁੱਲ 19 ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਸਿਰਫ ਇਕ ਪਾਇਲਟ ਨੂੰ ਬਚਾਇਆ ਜਾ ਸਕਿਆ। ਹੁਣ ਪਤਾ ਲੱਗਾ ਹੈ ਕਿ ਇਸ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ
ਏਅਰਲਾਈਨਜ਼ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਕਰੈਸ਼ ਹੋਏ ਜਹਾਜ਼ 'ਚ ਫਲਾਈਟ ਮੇਨਟੇਨੈਂਸ ਸਟਾਫ ਮਨੂਰਾਜ ਸ਼ਰਮਾ ਆਪਣੀ ਪਤਨੀ ਪ੍ਰਿਜਾ ਖਾਤੀਵਾੜਾ ਅਤੇ ਚਾਰ ਸਾਲ ਦੇ ਬੇਟੇ ਅਧਿਰਾਜ ਸ਼ਰਮਾ ਨਾਲ ਸਫਰ ਕਰ ਰਹੇ ਸਨ। ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ। ਬਿਆਨ ਮੁਤਾਬਕ ਪ੍ਰਿਜਾ ਵੀ ਸਰਕਾਰੀ ਮੁਲਾਜ਼ਮ ਸੀ ਅਤੇ ਊਰਜਾ ਮੰਤਰਾਲੇ ਵਿੱਚ ਸਹਾਇਕ ਕੰਪਿਊਟਰ ਆਪਰੇਟਰ ਵਜੋਂ ਕੰਮ ਕਰ ਰਹੀ ਸੀ। ਦੱਸ ਦਈਏ ਕਿ ਹਾਦਸੇ 'ਚ ਮਰਨ ਵਾਲਿਆਂ 'ਚੋਂ 17 ਸੌਰਯਾ ਏਅਰਲਾਈਨਜ਼ ਦੇ ਕਰਮਚਾਰੀ ਸਨ।
ਇਕ ਪਾਇਲਟ ਦੀ ਬਚੀ ਜਾਨ
ਇਸ ਹਾਦਸੇ ਵਿੱਚ 37 ਸਾਲਾ ਕੈਪਟਨ ਐਮਆਰ ਸ਼ਾਕਿਆ ਨੂੰ ਮਲਬੇ ਤੋਂ ਬਚਾ ਕੇ ਇਲਾਜ ਲਈ ਸਿਨਾਮੰਗਲ ਦੇ ਕੇਐਮਸੀ ਹਸਪਤਾਲ ਲਿਜਾਇਆ ਗਿਆ ਹੈ ,ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਬੰਬਾਰਡੀਅਰ CRJ-200ER ਸੀ, ਜਿਸ ਦਾ ਨਿਰਮਾਣ ਸਾਲ 2003 'ਚ ਕੀਤਾ ਗਿਆ ਸੀ। ਇਸ ਜਹਾਜ਼ ਨੂੰ ਮੁਰੰਮਤ ਲਈ ਲਿਜਾਇਆ ਜਾ ਰਿਹਾ ਸੀ। ਏਅਰਲਾਈਨਜ਼ ਨੇ ਕਿਹਾ ਹੈ ਕਿ ਜਹਾਜ਼ ਪੋਖਰਾ ਜਾ ਰਿਹਾ ਸੀ ਤਾਂ ਕਿ ਮੁਰੰਮਤ ਤੋਂ ਬਾਅਦ ਇਸ ਦੀ ਤਕਨੀਕੀ ਜਾਂਚ ਕੀਤੀ ਜਾ ਸਕੇ। ਜਹਾਜ਼ ਨੇ ਰਨਵੇਅ 2 ਤੋਂ ਉਡਾਣ ਭਰੀ ਅਤੇ ਰਨਵੇਅ 20 'ਤੇ ਹੀ ਕਰੈਸ਼ ਹੋ ਗਿਆ।
ਨੇਪਾਲ ਵਿੱਚ ਕਿਉਂ ਵਾਪਰਦੇ ਹਨ ਇੰਨੇ ਹਵਾਈ ਹਾਦਸੇ?
ਨੇਪਾਲ ਵਿੱਚ ਜਹਾਜ਼ ਹਾਦਸੇ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ। ਇਸ ਦੇਸ਼ 'ਚ ਜਹਾਜ਼ ਹਾਦਸਿਆਂ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਵੱਖ-ਵੱਖ ਰਿਪੋਰਟਾਂ ਦੱਸਦੀਆਂ ਹਨ ਕਿ ਨੇਪਾਲ ਵਿੱਚ ਪਹਾੜੀ ਖੇਤਰ, ਮੌਸਮ, ਨਵੇਂ ਜਹਾਜ਼ਾਂ ਦੀ ਘਾਟ ਅਤੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਪੁਰਾਣੇ ਜਹਾਜ਼ਾਂ ਦੀ ਲੰਬੇ ਸਮੇਂ ਤੱਕ ਵਰਤੋਂ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਰਿਪੋਰਟ ਮੁਤਾਬਕ ਨੇਪਾਲ 'ਚ ਪਿਛਲੇ 30 ਸਾਲਾਂ 'ਚ ਕਰੀਬ 28 ਜਹਾਜ਼ ਹਾਦਸੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2023 ਦੀ ਸ਼ੁਰੂਆਤ ਵਿੱਚ ਇੱਕ ਜਹਾਜ਼ ਹਾਦਸੇ ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ।