
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਫੌਜ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਵਿਕਾਸ ਹਿੱਤਾਂ ਦੀ ਰੱਖਿਆ ਲਈ ਅਪਣੀ ਰਣਨੀਤਕ ਸਮਰੱਥਾ ਵਿਚ ਸੁਧਾਰ ਕਰਨ ਦੇ ਹੁਕਮ ਦਿਤੇ
ਬੀਜਿੰਗ: ਚੀਨ ਦੇ ਇਕ ਚੋਟੀ ਦੇ ਰੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਚੀਨੀ ਫੌਜ ਹੁਣ ਸਥਾਨਕ ਜੰਗ ਜਿੱਤਣ ਦੀ ਅਪਣੀ ਦਹਾਕਿਆਂ ਪੁਰਾਣੀ ਧਾਰਨਾ ਤੋਂ ਦੂਰ ਜਾ ਕੇ ‘ਸ਼ਕਤੀਸ਼ਾਲੀ ਦੁਸ਼ਮਣਾਂ ਅਤੇ ਵਿਰੋਧੀਆਂ’ ਵਿਰੁਧ ਜੰਗ ਜਿੱਤਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਹ ਟਿਪਣੀ ਅਜਿਹੇ ਸਮੇਂ ਆਈ ਹੈ ਜਦੋਂ ਚੀਨ ਅਮਰੀਕਾ ਸਮੇਤ ਕਈ ਮੋਰਚਿਆਂ ’ਤੇ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਸੈਂਟਰਲ ਮਿਲਟਰੀ ਕਮਿਸ਼ਨ ਦੇ ਮੈਂਬਰ ਮਿਆਓ ਹੁਆ ਨੇ ਕਿਹਾ, ‘‘ਨਵੀਂ ਯਾਤਰਾ ਵਿਚ, ਅਸੀਂ ... ਸ਼ਕਤੀਸ਼ਾਲੀ ਦੁਸ਼ਮਣਾਂ ਅਤੇ ਵਿਰੋਧੀਆਂ ਨੂੰ ਹਰਾਉਣ ਲਈ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।’’
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਫੌਜ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਵਿਕਾਸ ਹਿੱਤਾਂ ਦੀ ਰੱਖਿਆ ਲਈ ਅਪਣੀ ਰਣਨੀਤਕ ਸਮਰੱਥਾ ਵਿਚ ਸੁਧਾਰ ਕਰਨ ਦੇ ਹੁਕਮ ਦਿਤੇ ਹਨ।
ਮਾਓ ਜ਼ੇਤੁੰਗ ਯੁੱਗ ਤੋਂ ਬਾਅਦ ਦੇਸ਼ ਦਾ ਪੁਨਰ ਨਿਰਮਾਣ ਕਰਨ ਵਾਲੇ ਅਤੇ ਆਧੁਨਿਕ ਚੀਨ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਚੋਟੀ ਦੇ ਨੇਤਾ ਡੇਂਗ ਸ਼ਿਆਓਪਿੰਗ ਦੀ 120ਵੀਂ ਜਯੰਤੀ ਮਨਾਉਂਦੇ ਹੋਏ ਜਿਨਪਿੰਗ ਨੇ ਨਾ ਸਿਰਫ ਸੱਤਾਧਾਰੀ ਕਮਿਊਨਿਸਟ ਪਾਰਟੀ ਅਤੇ ਦੇਸ਼ ਵਿਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ, ਬਲਕਿ ਆਧੁਨਿਕ ਫੌਜ ਬਣਾਉਣ ਦੇ ਅਪਣੇ ਦ੍ਰਿਸ਼ਟੀਕੋਣ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਨੇ ਇਹ ਵੀ ਯਾਦ ਕੀਤਾ ਕਿ ਡੇਂਗ ਨੇ ਚੀਨੀ ਫੌਜ ਪੀ.ਐਲ.ਏ. ਨੂੰ ਇਕ ਮਜ਼ਬੂਤ, ਆਧੁਨਿਕ ਅਤੇ ਚੰਗੀ ਤਰ੍ਹਾਂ ਸੰਗਠਤ ਫੋਰਸ ਬਣਨ ਅਤੇ ਘੱਟ ਪਰ ਬਿਹਤਰ ਫ਼ੌਜੀਆਂ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਸੀ।