
ਜਿੱਤਿਆ ਤਾਂ ਸਾਰਿਆਂ ਨੂੰ ਦਿਆਂਗਾ ਮੁਫ਼ਤ ਕੋਰੋਨਾ ਵੈਕਸੀਨ : ਬਿਡੇਨ
ਵਾਸ਼ਿੰਗਟਨ, 24 ਅਕਤੂਬਰ : ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੀ ਸਥਿਤੀ ਵਿਚ ਉਥੋਂ ਦੇ ਉਮੀਦਵਾਰ ਵੀ ਬਿਹਾਰ ਵਾਂਗ ਜਨਤਕ ਵਾਅਦੇ ਕਰਦੇ ਦਿਖਾਈ ਦੇ ਰਹੇ ਹਨ। ਡੈਮੋਕਰੇਟ ਉਮੀਦਵਾਰ ਬਿਡੇਨ ਨੇ ਅਮਰੀਕਾ 'ਚ ਨਾਗਰਿਕਾਂ ਨੂੰ ਕੋਰੋਨਾ ਦੀ ਮੁਫ਼ਤ ਵੈਕਸੀਨ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਮੈਂ ਰਾਸ਼ਟਰਪਤੀ ਬਣ ਜਾਂਦਾ ਹਾਂ ਤਾਂ ਹਰ ਕਿਸੇ ਨੂੰ ਕੋਰੋਨਾ ਦੀ ਮੁਫ਼ਤ ਵੈਕਸੀਨ ਦਿਤੀ ਜਾਵੇਗੀ।
ਭਾਵੇਂ ਕੀ ਉਸਦਾ ਬੀਮਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਬਿਡੇਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਕੋਰੋਨਾ ਮਹਾਂਮਾਰੀ 'ਚ ਲਾਪਰਵਾਹੀ ਵਰਤਣ ਲਈ ਨਿਸ਼ਾਨਾ ਬਣਾਇਆ। ਬਿਡੇਨ ਨੇ ਕਿਹਾ ਕਿ ਟਰੰਪ ਦਾ ਕਹਿਣਾ ਹੈ ਕਿ ਉਸਨੇ ਕੋਰੋਨਾ ਨਾਲ ਬਹੁਤ ਵਧੀਆ ਮੁਕਾਬਲਾ ਕੀਤਾ। ਪਰ, ਮੈਂ ਕਹਿੰਦਾ ਹਾਂ ਕਿ ਉਹ ਇਸ ਮੁੱਦੇ 'ਤੇ ਅਸਫਲ ਰਹੇ। ਜੇ ਇਹ ਸਫਲਤਾ ਹੈ ਤਾਂ ਅਸਫਲਤਾ ਕੀ ਹੋਵੇਗੀ? ਹਰ ਅਮਰੀਕੀ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਭਰੋਸਾ ਦਿੰਦਾ ਹਾਂ ਕਿ ਸਾਡੀ ਸਰਕਾਰ ਟੀਕੇ ਦੀ ਖ਼ਰੀਦ ਪੂਰੀ ਤਰ੍ਹਾਂ ਕਰੇਗੀ। ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ ਉਨ੍ਹਾਂ ਨੂੰ ਪਹਿਲਾਂ ਇਹ ਟੀਕਾ ਦਿਤਾ ਜਾਵੇਗਾ। ਬਿਡੇਨ ਨੇ ਟਰੰਪ 'ਤੇ ਮਹਾਂਮਾਰੀ ਦਾ ਮਜ਼ਾਕ ਉਡਾਉਣ ਅਤੇ ਲਾਪਰਵਾਹੀ ਕਰਨ ਦਾ ਦੋਸ਼ ਲਾਇਆ। (ਏਜੰਸੀ)