
PM ਮੋਦੀ ਨੇ ਦਿਤਾ ਭਾਰਤ ਆਉਣ ਦਾ ਸੱਦਾ
ਭਾਰਤ ਤੋਂ G20 ਸਮਿਟ ਲਈ ਜਾਣਗੇ ਬਾਲੀ
ਨਵੀਂ ਦਿੱਲੀ : ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਅਗਲੇ ਮਹੀਨੇ ਯਾਨੀ ਨਵੰਬਰ ਵਿੱਚ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪੀਐਮ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਪੀਐਮ ਮੋਦੀ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।
ਸਤੰਬਰ ਵਿੱਚ, ਪੀਐਮ ਮੋਦੀ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਜ਼ਰੀਏ ਸਾਊਦੀ ਕਰਾਊਨ ਪ੍ਰਿੰਸ ਨੂੰ ਇੱਕ ਸੱਦਾ ਭੇਜਿਆ ਸੀ। ਮਿਲੀ ਜਾਣਕਾਰੀ ਅਨੁਸਾਰ ਸਾਊਦੀ ਕਰਾਊਨ ਪ੍ਰਿੰਸ 14 ਨਵੰਬਰ ਦੀ ਸਵੇਰ ਭਾਰਤ ਪਹੁੰਚਣਗੇ। ਇੱਥੇ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਸਾਊਦੀ ਪ੍ਰਿੰਸ ਦਾ ਇਹ ਦੌਰਾ ਇੱਕ ਦਿਨ ਦਾ ਹੈ। ਅਗਲੇ ਦਿਨ ਮੁਹੰਮਦ ਬਿਨ ਸਲਮਾਨ ਇੰਡੋਨੇਸ਼ੀਆ ਦੇ ਬਾਲੀ ਵਿੱਚ ਹੋਣ ਵਾਲੇ ਜੀ-20 ਸੰਮੇਲਨ ਲਈ ਰਵਾਨਾ ਹੋਣਗੇ।
ਇਸ ਤੋਂ ਪਹਿਲਾਂ ਪਿਛਲੇ ਹਫਤੇ ਸਾਊਦੀ ਅਰਬ ਦੇ ਊਰਜਾ ਮੰਤਰੀ ਅਬਦੁਲ ਅਜ਼ੀਜ਼ ਬਿਨ ਸਲਮਾਨ ਨੇ ਭਾਰਤ ਦਾ ਦੌਰਾ ਕੀਤਾ ਸੀ। ਊਰਜਾ ਮੰਤਰੀ ਦਾ ਦੌਰਾ ਓਪੇਕ+ ਸੰਗਠਨ ਦੇ ਤੇਲ ਉਤਪਾਦਨ ਵਿੱਚ ਕਟੌਤੀ ਦੇ ਫੈਸਲੇ ਤੋਂ ਬਾਅਦ ਆਇਆ ਹੈ। ਅਬਦੁਲ ਅਜ਼ੀਜ਼ ਬਿਨ ਸਲਮਾਨ ਨੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਬਿਜਲੀ ਮੰਤਰੀ ਆਰ.ਕੇ.ਸਿੰਘ ਨਾਲ ਮੁਲਾਕਾਤ ਕੀਤੀ।
ਸਾਊਦੀ ਅਰਬ ਦੇ ਸ਼ਾਸਕ ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ਼ ਨੇ 27 ਸਤੰਬਰ ਨੂੰ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਦੂਜੇ ਬੇਟੇ ਪ੍ਰਿੰਸ ਖਾਲਿਦ ਨੂੰ ਰੱਖਿਆ ਮੰਤਰੀ ਅਤੇ ਤੀਜੇ ਬੇਟੇ ਪ੍ਰਿੰਸ ਅਬਦੁਲ ਅਜ਼ੀਜ਼ ਬਿਨ ਸਲਮਾਨ ਨੂੰ ਊਰਜਾ ਮੰਤਰੀ ਨਿਯੁਕਤ ਕੀਤਾ ਹੈ।