ਵਾਇਰਲ ਵੀਡੀਓ ’ਚ ਖੁਦ ਨੂੰ ਭਾਰਤ ਦੇ ਸਭ ਤੋਂ ਵੱਡੇ ਭਗੌੜੇ ਦੱਸਿਆ
ਲੰਦਨ : ਭਾਰਤ ਵਿੱਚ ਆਰਥਿਕ ਅਪਰਾਧੀ ਐਲਾਨੇ ਗਏ ਵਿਜੈ ਮਾਲੀਆ ਅਤੇ ਲਲਿਤ ਮੋਦੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਲਲਿਤ ਮੋਦੀ ਆਪਣੇ ਆਪ ਨੂੰ ਅਤੇ ਮਾਲੀਆ ਨੂੰ ਭਾਰਤ ਦੇ ਦੋ ਸਭ ਤੋਂ ਵੱਡੇ ਭਗੌੜੇ ਕਹਿ ਰਿਹਾ ਹੈ। ਵੀਡੀਓ ਮਾਲੀਆ ਦੇ ਜਨਮਦਿਨ ਦਾ ਹੈ। ਇਸ ਨੂੰ ਲਲਿਤ ਮੋਦੀ ਨੇ 22 ਦਿਸੰਬਰ ਨੂੰ ਆਪੇ ਪੋਸਟ ਕੀਤਾ ਹੈ ਜਦਿਕ ਮੀਡੀਆ ਵਿੱਚ ਖ਼ਬਰ 23 ਦਿਸੰਬਰ ਨੂੰ ਆਈ।
ਆਪਣੀ ਪੋਸਟ ਵਿੱਚ ਲਲਿਤ ਨੇ ਲਿਖਿਆ- ਚੱਲੋ, ਫਿਰ ਤੋਂ ਇੰਟਰਨੈੱਟ ਹਿਲਾ ਦਿੰਦਾ ਹਾਂ। ਖਾਸ ਕਰਕੇ ਤੁਹਾਡੇ ਮੀਡੀਆ ਵਾਲਿਆਂ ਲਈ। ਜਲਣ ਨਾਲ ਵੇਖਦੇ ਰਹੋ। ਇਸ ਦੌਰਾਨ ਮਾਲੀਆ ਆਪਣੀ ਪਾਰਟਨਰ ਪਿੰਕੀ ਲਾਲਵਾਨੀ ਨਾਲ ਮੁਸਕੁਰਾਉਂਦੇ ਨਜ਼ਰ ਆ ਰਹੇ ਹਨ।
ਇਸ ਵਿਚਕਾਰ ਬੰਬੇ ਹਾਈਕੋਰਟ ਵਿੱਚ ਮੰਗਲਵਾਰ ਨੂੰ ਮਾਲੀਆ ਦੀ ਪਟੀਸ਼ਨ ਤੇ ਸੁਣਵਾਈ ਹੋਈ। ਪਟੀਸ਼ਨ ਵਿੱਚ ਮਾਲੀਆ ਨੇ ਆਪਣੇ ਆਪ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ। ਕੋਰਟ ਨੇ ਮਾਲੀਆ ਦੇ ਵਕੀਲ ਤੋਂ ਪੁੱਛਿਆ ਕਿ ਉਹ (ਮਾਲੀਆ) ਭਾਰਤ ਕਦੋਂ ਵਾਪਸ ਆਉਣਗੇ। ਕੋਰਟ ਨੇ ਕਿਹਾ ਕਿ ਮਾਲੀਆ ਫਿਲਹਾਲ ਭਾਰਤੀ ਅਦਾਲਤ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ। ਅਜਿਹੇ ਵਿੱਚ ਉਨ੍ਹਾਂ ਦੀ ਪਟੀਸ਼ਨ ਤੇ ਸੁਣਵਾਈ ਨਹੀਂ ਹੋ ਸਕਦੀ।
ਮਾਲੀਆ 2016 ਤੋਂ ਬ੍ਰਿਟੇਨ ਵਿੱਚ ਹੈ ਅਤੇ 2019 ਵਿੱਚ ਉਸ ਨੂੰ ਅਧਿਕਾਰਤ ਤੌਰ ਤੇ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਸੀ। ਇਸ ਦੇ ਨਾਲ ਹੀ, ਲਲਿਤ ਮੋਦੀ 2010 ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ ਅਤੇ ਉਸ ਤੇ ਟੈਕਸ ਚੋਰੀ, ਮਨੀ ਲਾਂਡਰਿੰਗ ਅਤੇ ਆਈਪੀਐੱਲ ਨਾਲ ਜੁੜੇ ਗੰਭੀਰ ਇਲਜ਼ਾਮ ਹਨ।
