
ਕਿਹਾ, ਹਮਾਸ ਦੇ ਹਮਲਿਆਂ ਤੋਂ ਬਾਅਦ ਪੱਖਪਾਤ ਅਤੇ ਯਹੂਦੀ-ਵਿਰੋਧੀ ਭਾਵਨਾ ਵਿਚ ਭਾਰੀ ਵਾਧਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ
ਲੰਡਨ: ਬ੍ਰਿਟਿਸ਼ ਸੰਸਦ ਮੈਂਬਰ ਨੂੰ ਇਜ਼ਰਾਈਲ-ਗਾਜ਼ਾ ਵਿਵਾਦ ਦੇ ਸਬੰਧ ’ਚ ਹਾਊਸ ਆਫ ਕਾਮਨਜ਼ ’ਚ ਵੋਟ ਪਾਉਣ ਦੇ ਇਰਾਦਿਆਂ ਨੂੰ ਲੈ ਕੇ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰਨਾ ਦੀਆਂ ਖ਼ਬਰਾਂ ਵਿਚਕਾਰ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਿਆਸਤ ’ਚ ਵਧਦੇ ਜ਼ਹਿਰੀਲੀ ਸਭਿਆਚਾਰ ਪ੍ਰਤੀ ਚੌਕਸ ਕੀਤਾ ਹੈ।
ਬ੍ਰਿਟਿਸ਼ ਭਾਰਤੀ ਸਿਆਸਤਦਾਨ ਸੁਨਕ (43) ਨੇ ਸਨਿਚਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਅਤਿਵਾਦ ਦਾ ਗੁਣਗਾਨ ਕਰਨ ਲਈ ਕੱਟੜਪੰਥੀਆਂ ਵਲੋਂ ਦੇਸ਼ ਦੀਆਂ ਸੜਕਾਂ ’ਤੇ ਪ੍ਰਦਰਸ਼ਨਾਂ ਨੂੰ ‘ਹਾਈਜੈਕ’ ਕਰਨ ਦੀ ਨਿੰਦਾ ਕੀਤੀ।
ਇਹ ਬਿਆਨ ‘ਦਿ ਸੰਡੇ ਟਾਈਮਜ਼’ ਅਖਬਾਰ ਦੀ ਇਕ ਰੀਪੋਰਟ ਤੋਂ ਬਾਅਦ ਜਾਰੀ ਕੀਤਾ ਗਿਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਤਿੰਨ ਅਣਪਛਾਤੀਆਂ ਮਹਿਲਾ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦੇ ਮੱਦੇਨਜ਼ਰ ਵਾਧੂ ਸੁਰੱਖਿਆ ਦੀ ਇਜਾਜ਼ਤ ਦਿਤੀ ਗਈ ਹੈ। ਸੁਨਕ ਨੇ ਇਕ ਬਿਆਨ ਵਿਚ ਕਿਹਾ, ‘‘7 ਅਕਤੂਬਰ 2023 ਨੂੰ ਹਮਾਸ ਦੇ ਹਮਲਿਆਂ ਤੋਂ ਬਾਅਦ ਪੱਖਪਾਤ ਅਤੇ ਯਹੂਦੀ-ਵਿਰੋਧੀ ਭਾਵਨਾ ਵਿਚ ਭਾਰੀ ਵਾਧਾ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਸਿੱਧੇ ਸ਼ਬਦਾਂ ’ਚ ਯਹੂਦੀ-ਵਿਰੋਧੀ ਭਾਵਨਾ ਹੀ ਨਸਲਵਾਦ ਹੈ।’’
ਉਨ੍ਹਾਂ ਕਿਹਾ, ‘‘ਅਤਿਵਾਦ ਨੂੰ ਉਤਸ਼ਾਹਿਤ ਕਰਨ ਅਤੇ ਉਸ ਦੀ ਤਾਰੀਫ਼ ਕਰਨ ਲਈ ਕੱਟੜਪੰਥੀਆਂ ਨੇ ਜਾਇਜ਼ ਪ੍ਰਦਰਸ਼ਨਾਂ ਨੂੰ ‘ਹਾਈਜੈਕ’ ਕਰ ਲਿਆ ਹੈ, ਚੁਣੇ ਹੋਏ ਨੁਮਾਇੰਦਿਆਂ ਨੂੰ ਜ਼ੁਬਾਨੀ ਤੌਰ ’ਤੇ ਧਮਕਾਇਆ ਗਿਆ ਹੈ ਅਤੇ ਸਰੀਰਕ, ਹਿੰਸਕ ਤਰੀਕੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਸਾਡੀ ਅਪਣੀ ਸੰਸਦ ਭਵਨ ਨੂੰ ਯਹੂਦੀ ਵਿਰੋਧੀ ਵਜੋਂ ਦਰਸਾਇਆ ਗਿਆ ਹੈ।’’
ਉਨ੍ਹਾਂ ਨੇ ਪਿਛਲੇ ਹਫਤੇ ਗਾਜ਼ਾ ਜੰਗਬੰਦੀ ’ਤੇ ਸੰਸਦ ’ਚ ਵੋਟਿੰਗ ਦੌਰਾਨ ਹੋਏ ਹੰਗਾਮੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਹਫਤੇ ਸੰਸਦ ’ਚ ਇਕ ਬਹੁਤ ਖਤਰਨਾਕ ਸੰਕੇਤ ਮਿਲਿਆ ਹੈ ਕਿ ਅਜਿਹੀਆਂ ਧਮਕੀਆਂ ਕੰਮ ਕਰਦੀਆਂ ਹਨ। ਇਹ ਸਾਡੇ ਸਮਾਜ ਅਤੇ ਸਾਡੀ ਸਿਆਸਤ ਲਈ ਜ਼ਹਿਰੀਲਾ ਹੈ ਅਤੇ ਇਹ ਉਨ੍ਹਾਂ ਆਜ਼ਾਦੀਆਂ ਅਤੇ ਕਦਰਾਂ ਕੀਮਤਾਂ ਦਾ ਅਪਮਾਨ ਹੈ ਜਿਨ੍ਹਾਂ ਨੂੰ ਅਸੀਂ ਇੱਥੇ ਯੂ.ਕੇ. ’ਚ ਪਿਆਰ ਕਰਦੇ ਹਾਂ।
ਉਨ੍ਹਾਂ ਨੇ ਕੋਈ ਖਾਸ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦੀ ਟਿਪਣੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਲੀ ਐਂਡਰਸਨ ਨੂੰ ਮੁਅੱਤਲ ਕਰਨ ਦੇ ਤੁਰਤ ਬਾਅਦ ਆਈ ਹੈ। ਐਂਡਰਸਨ ਨੇ ਇਕ ਇੰਟਰਵਿਊ ’ਚ ਦਾਅਵਾ ਕੀਤਾ ਕਿ ਲੰਡਨ ’ਚ ਪਾਕਿਸਤਾਨੀ ਮੂਲ ਦੇ ਮੇਅਰ ਸਾਦਿਕ ਖਾਨ ‘ਇਸਲਾਮਿਕ ਲੋਕਾਂ’ ਦੇ ਕੰਟਰੋਲ ’ਚ ਸਨ। ਵਿਰੋਧੀ ਧਿਰ ਨੇ ਇਨ੍ਹਾਂ ਟਿਪਣੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਸੀ। ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਇਨ੍ਹਾਂ ਟਿਪਣੀਆਂ ਨੂੰ ਨਸਲੀ ਅਤੇ ਇਸਲਾਮੋਫੋਬਿਕ ਕਰਾਰ ਦਿਤਾ ਹੈ।