
ਗੁਪਤਾ ਭਰਾਵਾਂ ਵਿਚੋਂ ਇਕ ਸਰਕਾਰੀ ਕੰਪਨੀਆਂ ਤੋਂ ਅਰਬਾਂ ਰੁਪਏ ਲੁੱਟਣ ਵਿਚ ਕਥਿਤ ਭੂਮਿਕਾ ਲਈ ਲੋੜੀਂਦਾ ਹੈ
ਜੋਹਾਨਸਬਰਗ: ਦਖਣੀ ਅਫਰੀਕਾ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਭਾਰਤੀ ਮੂਲ ਦੇ ਕਾਰੋਬਾਰੀ ਗੁਪਤਾ ਪਰਵਾਰ ਦੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨਾਲ ਸੰਪਰਕ ਕਰੇਗਾ। ਗੁਪਤਾ ਭਰਾਵਾਂ ਵਿਚੋਂ ਇਕ ਸਰਕਾਰੀ ਕੰਪਨੀਆਂ ਤੋਂ ਅਰਬਾਂ ਰੁਪਏ ਲੁੱਟਣ ਵਿਚ ਕਥਿਤ ਭੂਮਿਕਾ ਲਈ ਲੋੜੀਂਦਾ ਹੈ।
ਭਾਰਤੀ ਮੂਲ ਦੇ ਪਰਵਾਰਾਂ ਨਾਲ ਸਬੰਧ ਰੱਖਣ ਵਾਲੇ ਅਤੁਲ, ਅਜੈ ਅਤੇ ਰਾਜੇਸ਼ ਗੁਪਤਾ ’ਤੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨਾਲ ਨੇੜਲੇ ਸਬੰਧਾਂ ਰਾਹੀਂ ਦਖਣੀ ਅਫਰੀਕਾ ’ਚ ਅਰਬਾਂ ਰੈਂਡ (ਦਖਣੀ ਅਫ਼ਰੀਕੀ ਮੁਦਰਾ) ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਸਾਲ 2018 ’ਚ ਜ਼ੂਮਾ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਤਿੰਨੋਂ ਅਤੇ ਉਨ੍ਹਾਂ ਦੇ ਪਰਵਾਰ ਦੁਬਈ ਭੱਜ ਗਏ ਸਨ। ਸੰਯੁਕਤ ਅਰਬ ਅਮੀਰਾਤ (UAE) ਨੇ 2023 ਵਿਚ ਰਾਜੇਸ਼ ਅਤੇ ਅਤੁਲ ਦੀ ਹਵਾਲਗੀ ਦੀ ਬੇਨਤੀ ਨੂੰ ਰੱਦ ਕਰ ਦਿਤਾ ਸੀ, ਜਿਸ ਤੋਂ ਬਾਅਦ ਦਖਣੀ ਅਫਰੀਕਾ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿਤਾ ਸੀ। ਭਰਾਵਾਂ ਨੇ ਆਈ.ਟੀ., ਮੀਡੀਆ ਅਤੇ ਮਾਈਨਿੰਗ ’ਚ ਇਕ ਵਿਸ਼ਾਲ ਸਾਮਰਾਜ ਬਣਾਇਆ ਸੀ।
ਗੁਪਤਾ ਭਰਾਵਾਂ ਦੀਆਂ ਦਖਣੀ ਅਫਰੀਕਾ ’ਚ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ। ਅਨਿਲ ਗੁਪਤਾ ਅਤੇ ਅਜੇ ਗੁਪਤਾ ਨੂੰ ਸਨਿਚਰਵਾਰ ਨੂੰ ਉਤਰਾਖੰਡ ਤੋਂ ਇਕ ਬਿਲਡਰ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਬਿਲਡਰ ਨੇ ਅਪਣੇ ਬਹੁਮੰਜ਼ਲਾ ਅਪਾਰਟਮੈਂਟ ਦੀ ਛੱਤ ਤੋਂ ਛਾਲ ਮਾਰਨ ਤੋਂ ਪਹਿਲਾਂ ਅਪਣੇ ‘ਸੁਸਾਈਡ ਨੋਟ’ ਵਿਚ ਗੁਪਤਾ ਭਰਾਵਾਂ ਦਾ ਨਾਮ ਲਿਆ ਸੀ।
ਇਸ ਬਾਰੇ ਅਨਿਸ਼ਚਿਤਤਾ ਹੈ ਕਿ ਕੀ ਇਹ ਉਹੀ ਅਜੈ ਗੁਪਤਾ ਹੈ ਜੋ ਅਪਣੇ ਭਰਾਵਾਂ ਅਤੁਲ ਅਤੇ ਰਾਜੇਸ਼ ਨਾਲ ਦਖਣੀ ਅਫਰੀਕਾ ਭੱਜ ਗਿਆ ਸੀ, ਜੋ ਦਖਣੀ ਅਫਰੀਕਾ ਦੀ ਲੋੜੀਂਦੀ ਸੂਚੀ ਵਿਚ ਤੀਜਾ ਵਿਅਕਤੀ ਵੀ ਹੈ।
ਨਿਆਂ ਵਿਭਾਗ ਦੇ ਬੁਲਾਰੇ ਕ੍ਰਿਸਪਿਨ ਫਿਰੀ ਨੇ ਨਿਊਜ਼ 24 ਨੂੰ ਦਸਿਆ, ‘‘ਨਿਆਂ ਅਤੇ ਸੁਧਾਰ ਸੇਵਾਵਾਂ ਵਿਭਾਗ ਨੇ ਭਾਰਤ ’ਚ ਗੁਪਤਾ ਭਰਾਵਾਂ ਅਜੈ ਅਤੇ ਅਨਿਲ ਦੀ ਗ੍ਰਿਫਤਾਰੀ ਦੀਆਂ ਰੀਪੋਰਟਾਂ ਦਾ ਨੋਟਿਸ ਲਿਆ ਹੈ। ਸਾਡਾ ਗ੍ਰਿਫਤਾਰੀ ਵਾਰੰਟ ਰਾਜੇਸ਼ ਅਤੇ ਅਤੁਲ ਗੁਪਤਾ ਲਈ ਸੀ। ਫਿਰ ਵੀ, ਤਸਦੀਕ ਲਈ ਭਾਰਤ ’ਚ ਹਾਈ ਕਮਿਸ਼ਨਰ ਰਾਹੀਂ ਰਸਮੀ ਪ੍ਰਕਿਰਿਆਵਾਂ ਚੱਲ ਰਹੀਆਂ ਹਨ।’’
ਅਧਿਕਾਰੀਆਂ ਨੇ ਦਸਿਆ ਕਿ ਰੀਪੋਰਟ ’ਚ ਦੋਹਾਂ ਦੀ ਪਛਾਣ ਭਰਾਵਾਂ ਦੇ ਰੂਪ ’ਚ ਕੀਤੀ ਗਈ ਹੈ। ਦਖਣੀ ਅਫਰੀਕਾ ਤੋਂ ਅਪਣੇ ਪਰਵਾਰਾਂ ਨਾਲ ਆਏ ਲੋਕਾਂ ’ਚ ਅਜੈ, ਅਤੁਲ ਅਤੇ ਰਾਜੇਸ਼ ਸ਼ਾਮਲ ਹਨ। ਉਸ ਨੇ ਕਿਹਾ ਕਿ ਅਨਿਲ ਉਸ ਦਾ ਜੀਜਾ ਮੰਨਿਆ ਜਾਂਦਾ ਹੈ, ਜਿਸ ਦਾ ਵਿਆਹ ਉਸ ਦੀ ਭੈਣ ਅਚਲਾ ਨਾਲ ਹੋਇਆ ਹੈ।
ਇਸ ਦੌਰਾਨ ਦਖਣੀ ਅਫਰੀਕਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਸਨਿਚਰਵਾਰ ਨੂੰ ਜੋਹਾਨਸਬਰਗ ਵਿਚ ਅਫਰੀਕੀ ਨੈਸ਼ਨਲ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਨਿਆਂ ਮੰਤਰੀ ਰੋਨਾਲਡ ਲਾਮੋਲਾ ਨੇ ਪੁਸ਼ਟੀ ਕੀਤੀ ਕਿ ਸਰਕਾਰ ਨੂੰ ਭਾਰਤ ਵਿਚ ਗੁਪਤਾ ਪਰਵਾਰ ਦੇ ਮੈਂਬਰਾਂ ਦੀ ਗ੍ਰਿਫਤਾਰੀ ਬਾਰੇ ਪਤਾ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਅਨਿਸ਼ਚਿਤਤਾ ਹੈ ਕਿ ਕੀ ਉਨ੍ਹਾਂ ਵਿਚੋਂ ਕੋਈ ਮੈਂਬਰ ਹੈ ਜਿਨ੍ਹਾਂ ਲਈ ਦਖਣੀ ਅਫਰੀਕਾ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ।