
ਤੇਲ ਭੰਡਾਰ ਵਾਲੇ ਸਾਊਦੀ ਅਰਬ ਦੇ ਜ਼ਿਆਦਾਤਰ ਨਾਗਰਿਕ ਸਰਕਾਰੀ ਨੌਕਰੀ ਕਰਦੇ ਹਨ, ਜਦਕਿ ਨਿਜੀ ਖੇਤਰ ਦੇ ਕਈ ਕੰਮਾਂ 'ਚ ਸਥਾਨਕ ਲੋਕ ਦਿਲਚਸਪੀ
ਰਿਆਦ: ਤੇਲ ਭੰਡਾਰ ਵਾਲੇ ਸਾਊਦੀ ਅਰਬ ਦੇ ਜ਼ਿਆਦਾਤਰ ਨਾਗਰਿਕ ਸਰਕਾਰੀ ਨੌਕਰੀ ਕਰਦੇ ਹਨ, ਜਦਕਿ ਨਿਜੀ ਖੇਤਰ ਦੇ ਕਈ ਕੰਮਾਂ 'ਚ ਸਥਾਨਕ ਲੋਕ ਦਿਲਚਸਪੀ ਨਹੀਂ ਲੈਂਦੇ। ਇਸ ਲਈ ਦੇਸ਼ 'ਚ ਨਿੱਜੀ ਨੌਕਰੀਆਂ ਵਿਚ ਭਾਰਤੀਆਂ ਦੀ ਜ਼ਬਰਦਸਤ ਮੰਗ ਰਹੀ ਹੈ। ਹੁਣ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਦੀਆਂ ਕਈਆਂ ਨੀਤੀਆਂ ਕਾਰਨ ਭਾਰਤ ਅਤੇ ਫ਼ਲੀਪੀਨਜ਼ ਦੇ ਕਾਮਿਆਂ ਲਈ ਸੰਕਟ ਪੈਦਾ ਹੋ ਰਿਹਾ ਹੈ।
ਸ਼ਹਿਜ਼ਾਦੇ ਸਲਮਾਨ ਨੇ ਆਰਥਕ ਵਾਧੇ ਦੀ ਦਰ ਵਿਚ ਤੇਜ਼ੀ ਲਿਆਉਣ ਲਈ ਅਪਣੇ ਨਾਗਰਿਕਾਂ ਲਈ ਨਵੀਆਂ ਨੌਕਰੀਆਂ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਸ ਦੇ ਤਹਿਤ ਸਾਊਦੀ 'ਚ ਰਸੋਈ, ਨਿਰਮਾਣ ਅਤੇ ਸਟੋਰ ਕਾਊਂਟਰਾਂ ਪਿੱਛੇ ਕੰਮ ਕਰਨ ਵਾਲਿਆਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ। ਨਵੀਆਂ ਨੀਤੀਆਂ ਮੁਤਾਬਕ ਹੁਣ ਦੇਸ਼ ਦੀ ਨਿੱਜੀ ਅਤੇ ਵਿਦੇਸ਼ੀ ਕੰਪਨੀਆਂ ਨੂੰ ਸਾਊਦੀ ਅਰਬ ਦੇ ਨਾਗਰਿਕਾਂ ਨੂੰ ਨੌਕਰੀ ਦੇਣਾ ਲਾਜ਼ਮੀ ਹੋਵੇਗਾ, ਜਦਕਿ ਦਹਾਕਿਆਂ ਤੋਂ ਇਨ੍ਹਾਂ ਕੰਮਾਂ ਨੂੰ ਭਾਰਤੀ ਅਤੇ ਫ਼ਲੀਪੀਨਜ਼ ਦੇ ਲੋਕ ਕਰਦੇ ਆਏ ਹਨ।
ਸਾਊਦੀ ਇਸ ਸਾਲ ਸਤੰਬਰ ਤੋਂ ਵੱਖ-ਵੱਖ ਖੇਤਰਾਂ ਵਿਚ ਸਾਊਦੀ ਮੂਲ ਦੇ ਵਰਕਰਾਂ ਨੂੰ ਨੌਕਰੀ 'ਤੇ ਰੱਖਣ ਲਈ ਦਬਾਅ ਬਣਾ ਰਿਹਾ ਹੈ। ਇਸ ਦਾ ਅਸਰ ਸੇਲਸਮੈਨ, ਬੇਕਰੀ, ਫ਼ਰਨੀਚਰ ਅਤੇ ਇਲੈਕਟ੍ਰੋਨਿਕਸ ਵਿਚ ਕੰਮ ਕਰਨ ਵਾਲੇ ਭਾਰਤੀ ਵਰਕਰਾਂ ਦੀ ਨੌਕਰੀਆਂ 'ਤੇ ਪੈਣਾ ਤੈਅ ਹੈ। ਸਾਊਦੀ ਅਰਬ ਵਿਦੇਸ਼ਾਂ ਵਰਕਰਾਂ ਲਈ ਵੀਜ਼ਾ ਵੀ ਮਹਿੰਗਾ ਕਰਨ ਜਾ ਰਿਹਾ ਹੈ। ਇਸ ਮੁਤਾਬਕ ਸਾਊਦੀ ਵਿਚ ਨਿੱਜੀ ਕੰਪਨੀਆਂ ਨੂੰ ਸਥਾਨਕ ਨਾਗਰਿਕਾਂ ਦੀ ਤੁਲਨਾ 'ਚ ਜ਼ਿਆਦਾ ਵਿਦੇਸ਼ੀ ਵਰਕਰਾਂ ਨੂੰ ਨੌਕਰੀ ਦੇਣ 'ਤੇ ਜੁਰਮਾਨਾ ਦੇਣਾ ਹੋਵੇਗਾ। ਅਜਿਹੇ ਵਿਚ ਨੌਕਰੀ ਲਈ ਭਾਰਤ ਅਤੇ ਫ਼ਲੀਪੀਨਜ਼ ਤੋਂ ਗਏ ਲੋਕਾਂ ਨੂੰ ਦੇਸ਼ ਵਾਪਸੀ ਕਰਨੀ ਹੋਵੇਗੀ। (ਏਜੰਸੀ)